ਅਬੋਹਰ, 10 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਦਬਾਅ ਹੇਠ ਪੰਜਾਬ ਪੁਲਿਸ ਵਲੋਂ ਜਾਰੀ ਕੀਤੀ ਗਈ ਕ੍ਰਾਈਮ ਰਿਪੋਰਟ ਨੂੰ ਬਦਲ ਦਿੱਤਾ ਗਿਆ ਹੈ ਜਦ ਕਿ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਕ੍ਰਾਈਮ ਰਿਪੋਰਟ ਵਿਚ ਦਰਖ਼ਾਸਤ ਮੁਤਾਬਿਕ ਸਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਸੀ | ਜਿਸ ਤਹਿਤ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਲਾਵਾ ਐੱਸ.ਸੀ, ਐੱਸ.ਟੀ ਕਮਿਸ਼ਨ ਅਤੇ ਹਿਊਮਨ ਰਾਈਟਸ ਕਮਿਸ਼ਨ ਤੱਕ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕਰਾਂਗੇ | ਉਕਤ ਸ਼ਬਦ ਮੇਘਵਾਲ ਭਾਈਚਾਰੇ ਨਾਲ ਸੰਬੰਧਿਤ ਬੱਲੂਆਣਾ ਹਲਕੇ ਦੇ ਆਗੂ ਅੰਗਰੇਜ਼ ਮੇਘਵਾਲ ਨੇ ਅੱਜ ਪੈੱ੍ਰਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਅੰਗਰੇਜ਼ ਮੇਘਵਾਲ ਨੇ ਕਿਹਾ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੂੰ ਦਿੱਤੀ ਦਰਖਾਸਤ ਤਹਿਤ ਉਸ ਖ਼ਿਲਾਫ਼ ਭਾਰੀ ਜਨ ਸਭਾ ਵਿਚ ਜਾਤੀ ਸੂਚਕ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ | ਜਿਸ ਤਹਿਤ ਪੁਲਿਸ ਨੇ ਬੀਤੇ ਦਿਨੀਂ 8 ਮਾਰਚ ਨੂੰ ਐੱਸ.ਸੀ, ਐੱਸ.ਟੀ ਐਕਟ ਤਹਿਤ ਥਾਣਾ ਬਹਾਵਵਾਲਾ ਵਿਖੇ ਮੁਕੱਦਮਾ ਦਰਜ਼ ਕਰਦੇ ਹੋਏ 5 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਸੀ ਜਦ ਕਿ ਸਿਆਸੀ ਦਬਾਅ ਹੇਠ ਜ਼ਿਲ੍ਹਾ ਪੁਲਿਸ ਵਲੋਂ ਅੱਧੇ ਘੰਟੇ ਬਾਅਦ ਹੀ ਮੁਕੱਦਮੇ ਵਿਚ ਨਾਮਜ਼ਦ 4 ਕਥਿਤ ਦੋਸ਼ੀਆਂ ਨੂੰ ਕੱਢ ਕੇ ਨਵੀਂ ਕ੍ਰਾਈਮ ਰਿਪੋਰਟ ਜਾਰੀ ਕੀਤੀ ਗਈ | ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਪੁਲਿਸ ਵੀ ਜ਼ਿਲ੍ਹਾ ਫ਼ਾਜ਼ਿਲਕਾ ਦੀ ਭਾਜਪਾ ਲੀਡਰਸ਼ਿਪ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਦ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਅਧੀਨ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਤਾਂ ਆਮ ਗ਼ਰੀਬ ਲੋਕਾਂ ਦਾ ਤਾਂ ਪੰਜਾਬ ਵਿਚ ਕੀ ਬਣੇਗਾ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਦਿੱਤੀ ਦਰਖ਼ਾਸਤ ਵਿਚ ਬੱਲੂਆਣਾ ਹਲਕੇ ਨਾਲ ਸੰਬੰਧਿਤ ਭਾਜਪਾ ਲੀਡਰਸ਼ਿਪ ਦੇ ਨਾਮ ਵੀ ਸਨ ਜੋ ਕਿ ਸਿਆਸੀ ਦਬਾਅ ਹੇਠ ਹੀ ਹਟਾਏ ਗਏ ਹਨ | ਉਨ੍ਹਾਂ ਕਿਹਾ ਕਿ ਉਹ ਸਾਰੇ ਤੱਥਾਂ ਦੇ ਆਧਾਰ 'ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਲਾਵਾ ਐੱਸ.ਸੀ, ਐੱਸ.ਟੀ ਕਮਿਸ਼ਨ ਅਤੇ ਹਿਊਮਨ ਰਾਈਟਸ ਕਮਿਸ਼ਨ ਤੱਕ ਪਹੁੰਚ ਕਰਨਗੇ | ਉਕਤ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਪੁਲਿਸ ਮੁਲਾਜ਼ਮ ਦੀ ਗ਼ਲਤੀ ਨਾਲ ਕ੍ਰਾਈਮ ਰਿਪੋਰਟ ਵਿਚ ਨਾਮ ਦਰਜ਼ ਹੋਣ ਦਾ ਹਵਾਲਾ ਦਿੱਤਾ ਹੈ ਜਦ ਕਿ ਜਾਤੀ ਸੂਚਕ ਸ਼ਬਦ ਬੋਲਣ ਤਹਿਤ ਇਕ ਵਿਅਕਤੀ ਖ਼ਿਲਾਫ਼ ਹੀ ਮਾਮਲਾ ਦਰਜ਼ ਹੋਇਆ ਹੈ ਅਤੇ ਬਾਕੀ ਲੋਕਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਪਰ ਜਾਂਚ ਵਿਚ ਦੋਸ਼ ਨਹੀਂ ਪਾਇਆ ਗਿਆ |