ਜਲਾਲਾਬਾਦ, 27 ਮਾਰਚ (ਹਰਪ੍ਰੀਤ ਸਿੰਘ ਪਰੂਥੀ, ਕਰਨ ਚੁਚਰਾ)-ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਈ.ਟੀ.ਟੀ. (2023-25) ਬੈਚ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ 'ਜਸ਼ਨ-ਏ-ਰੁਖ਼ਸਤ' ਸਿਰਲੇਖ ਵਾਲਾ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ | ਇਹ ਸਮਾਗਮ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾ. ਨੀਤਿਕਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਜੂਨੀਅਰ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰਾਂ ਦਾ ਫੁੱਲਾਂ ਨਾਲ ਸਵਾਗਤ ਕਰਨ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਗਾਇਣ, ਨਿ੍ਤ, ਕਵਿਤਾ ਪਾਠ ਅਤੇ ਨਾਟਕ ਪ੍ਰਦਰਸ਼ਨ ਵਰਗੀਆਂ ਵੱਖ-ਵੱਖ ਗਤੀਵਿਧੀਆਂ ਸ਼ਾਮਲ ਸਨ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਾਲਜ ਵਿਚ ਬਿਤਾਏ ਆਪਣੇ ਦਿਨਾਂ ਨੂੰ ਯਾਦ ਕੀਤਾ ਅਤੇ ਆਪਣੇ ਅਨੁਭਵ ਸਾਂਝੇ ਕੀਤੇ | ਸਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਸੀਨੀਅਰ ਵਿਦਿਆਰਥੀਆਂ ਨੂੰ 'ਮਿਸ ਫੇਅਰਵੈੱਲ' ਅਤੇ 'ਮਿਸਟਰ ਫੇਅਰਵੈੱਲ' ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ | ਅੰਤ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਕਾਲਜ ਪਿ੍ੰਸੀਪਲ ਡਾ.ਨੀਤਿਕਾ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਫਲਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ |