ਅਬੋਹਰ, 15 ਅਪ੍ਰੈਲ(ਸੁਖਜੀਤ ਸਿੰਘ ਬਰਾੜ)-ਅਬੋਹਰ ਮੰਡੀ 'ਚ ਕਣਕ ਦੀ ਆਮਦ ਅੱਜ ਤੋਂ ਜ਼ੋਰ ਫੜਨ ਲੱਗ ਗਈ ਹੈ | ਹਾਲਾਂਕਿ ਪੰਜਾਬ ਦੀਆਂ ਹੋਰ ਅਨਾਜ ਮੰਡੀਆਂ ਦੇ ਮੁਕਾਬਲੇ ਇਸ ਮੰਡੀ 'ਚ ਕਣਕ ਕਰੀਬ ਇਕ ਹਫ਼ਤਾ ਦੇਰੀ ਨਾਲ ਵਿਕਣ ਲਈ ਪਹੁੰਚਦੀ ਹੈ | ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਦੱਸਿਆ ਕਿ ਬੀਤੇ ਕੱਲ੍ਹ ਅਬੋਹਰ ਦੀ ਮੁੱਖ ਅਨਾਜ ਮੰਡੀ ਅਤੇ ਇਲਾਕੇ ਦੀਆਂ ਹੋਰ ਅਨਾਜ ਮੰਡੀਆਂ ਚ 59 ਹਜ਼ਾਰ ਕੁਇੰਟਲ ਕਣਕ ਵਿਕਣ ਲਈ ਆਈ ਸੀ | ਜਿਸ ਵਿਚੋਂ ਕਰੀਬ 500 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਸੀ | ਅੱਜ ਮੁੱਖ ਮੰਡੀ ਅਤੇ ਇਲਾਕੇ ਦੀਆਂ ਹੋਰ ਮੰਡੀਆਂ 'ਚ ਕਰੀਬ 72 ਹਜ਼ਾਰ ਕੁਇੰਟਲ ਕਣਕ ਵਿਕਣ ਲਈ ਆਈ ਅਤੇ ਇਸ ਵਿਚੋਂ ਕਰੀਬ 2500 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਵਾਰ ਵੇਅਰ ਹਾਊਸ, ਪਨਗ੍ਰੇਨ, ਮਾਰਕਫੈੱਡ, ਪਨਸਪ ਖਰੀਦ ਏਜੰਸੀਆਂ ਕਣਕ ਖ਼ਰੀਦ ਰਹੀਆਂ ਹਨ | ਪਰ ਹਾਲੇ ਕਣਕ 'ਚ ਨਮੀ ਜ਼ਿਆਦਾ ਹੋਣ ਕਰਕੇ ਉਹ ਖ਼ਰੀਦ ਘੱਟ ਕਰ ਰਹੀਆਂ ਹਨ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮੰਡੀ 'ਚ ਕਣਕ ਸੁਕਾ ਕੇ ਵੇਚਣ ਲਈ ਲਿਆਓ ਤਾਂ ਕਿ ਕਣਕ ਵੇਚਣ ਵਿਚ ਸਮੱਸਿਆ ਨਾ ਆਵੇ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨਾਂ ਨੂੰ ਕਣਕ ਵੇਚਣ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |