ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਰਕਾਰ ਵਲੋਂ ਸਮੇਂ ਸਮੇਂ ਸਿਰ ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸਕੂਲੀ ਵੈਨਾਂ ਦੇ ਹੁੰਦੇ ਹਾਦਸਿਆਂ 'ਤੇ ਠੱਲ੍ਹ ਪਾਈ ਜਾ ਸਕੇ | ਪਰ ਸਮਰੱਥਾ ਤੋਂ ਵੱਧ ਬੱਚੇ ਬਿਠਾ ਕੇ ਵੈਨਾਂ ਵਾਲੇ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਾਂ ਰਹੇ ਹਨ | ਫ਼ਾਜ਼ਿਲਕਾ ਵਿਚ ਬਹੁਤੇ ਨਿੱਜੀ ਸਕੂਲ ਆਪਣੇ ਫ਼ਾਇਦੇ ਜਾਂ ਟਰਾਂਸਪੋਰਟ ਖ਼ਰਚੇ ਨੂੰ ਘੱਟ ਕਰਨ ਲਈ ਸੇਫ਼ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਪਣੀਆਂ ਸਕੂਲੀ ਵੈਨਾਂ ਚਲਾ ਰਹੇ ਹਨ | ਸੜਕਾਂ ਤੇ ਅਕਸਰ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤੇ ਸਕੂਲੀ ਵਾਹਨਾਂ ਵਿਚ ਉਸ ਦੀ ਬੈਠਣ ਦੀ ਸਮਰੱਥਾ ਤੋਂ ਡੇਢ ਗੁਣਾ ਵੱਧ ਬੱਚਿਆਂ ਨੂੰ ਬਿਠਾ ਕੇ ਲਿਜਾਇਆ ਜਾ ਰਿਹਾ ਹੈ | ਜਿਸ ਨਾਲ ਬੱਚਿਆਂ ਦੀ ਜ਼ਿੰਦਗੀ ਜੋਖ਼ਮ ਵਿਚ ਪਾਈ ਜਾ ਰਹੀ ਹੈ | ਜੇਕਰ ਪ੍ਰਸ਼ਾਸਨ ਜਾਂ ਸੇਫ਼ ਸਕੂਲ ਕਮੇਟੀ ਦੇ ਮੈਂਬਰਾਂ ਵਲਾੋ ਸਿਰਫ਼ ਕੈਂਪਾਂ ਤੱਕ ਸੀਮਤ ਰਹਿ ਕੇ ਜ਼ਮੀਨੀ ਹਕੀਕਤ ਨਹੀਂ ਦੇਖੀ ਜਾਂਦੀ | ਜੇਕਰ ਫ਼ਾਜ਼ਿਲਕਾ ਦੇ ਬੱਤੀਆਂ ਵਾਲੇ ਚੌਂਕ ਵਿਚ ਦੁਪਹਿਰ ਛੁੱਟੀ ਟਾਈਮ ਖੜ ਕੇ ਦੇਖਣ ਤਾਂ ਇਸੇ ਤਰ੍ਹਾਂ ਨਾਲ ਸਾਰੇ ਹੀ ਸਕੂਲੀ ਵਾਹਨ ਜਿਨਾਂ ਵਿਚ ਸਕੂਲੀ ਵੈਨਾਂ, ਤਿੰਨ ਪਹੀਆਂ ਟੈਂਪੂ, ਰਿਕਸ਼ਾ ਬੱਚਿਆਂ ਨਾਲ ਇਸ ਕਦਰ ਭਰੇ ਹੁੰਦੇ ਹਨ ਕਿ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਇਸ ਸਬੰਧੀ ਜਦੋਂ ਫ਼ਾਜ਼ਿਲਕਾ ਸੇਫ਼ ਸਕੂਲ ਕਮੇਟੀ ਦੇ ਪ੍ਰਧਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਗਿਆ | ਇਸ ਸਬੰਧੀ ਆਰ.ਟੀ.ਓ ਫ਼ਾਜ਼ਿਲਕਾ ਗੁਰਪ੍ਰੀਤ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵਲੋਂ ਸਮੇਂ-ਸਮੇਂ ਤੇ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ | ਹੁਣ ਚੈਕਿੰਗ ਵਿਚ ਹੋਰ ਤੇਜ਼ੀ ਲਿਆ ਕੇ ਸਕੂਲੀ ਵਾਹਨਾਂ ਅਤੇ ਸਬੰਧਤ ਸਕੂਲਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |