ਅਬੋਹਰ, 15 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵਲੋਂ ਅਬੋਹਰ ਦੀ ਬਹਾਵਵਾਲਾ ਮੰਡੀ ਦਾ ਦੌਰਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ ਨੇ ਕਿਸਾਨਾਂ ਨੂੰ ਆ ਰਹੀਆਂ ਕਣਕ ਮੰਡੀ ਵਿਚ ਮੁਸ਼ਕਲਾਂ ਅਤੇ ਮੰਡੀ ਦੇ ਖਸਤਾ ਹਾਲਾਤ ਦਾ ਜਾਇਜਾ ਲਿਆ | ਇਸ ਤੋਂ ਪਹਿਲਾ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਉਨ੍ਹਾਂ ਦੀਆ ਸ਼ਿਕਾਇਤਾਂ ਉਪਰੰਤ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਹਾਵਵਾਲਾ ਮੰਡੀ ਵਿਖੇ ਪਹੁੰਚੇ | ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨ ਕਈ ਦਿਨਾਂ ਤੋਂ ਬੈਠੇ ਹਨ ਅਤੇ ਲਗਾਤਾਰ ਕਣਕ ਦੀ ਫ਼ਸਲ ਮੰਡੀ ਵਿਚ ਆ ਰਹੀ ਹੈ, ਪਰ ਕੋਈ ਵੀ ਅਧਿਕਾਰੀ ਮੰਡੀ ਵਿਚ ਨਹੀਂ ਪਹੁੰਚ ਰਿਹਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫ਼ਸਲ ਮੰਡੀ ਵਿਚ ਰੁਲ ਰਹੀ ਹੈ | ਮੰਡੀ ਵਿਚ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ ਜਦ ਕਿ ਕਿਸਾਨ ਖੁਦ ਥੋੜ੍ਹੀ ਬਹੁਤ ਸਫ਼ਾਈ ਕਰਕੇ ਕਣਕ ਮੰਡੀ ਵਿਚ ਉਤਾਰ ਰਹੇ ਹਨ | ਇਸ ਤੋਂ ਇਲਾਵਾ ਪੀਣ ਦੇ ਪਾਣੀ ਦਾ ਵੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ | ਫਲੱਸ਼ਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ | ਉਨ੍ਹਾਂ ਇਸ ਸੰਬੰਧੀ ਸੰਬੰਧਿਤ ਅਧਿਕਾਰੀਆਂ ਨੂੰ ਫੋਨ ਰਾਹੀਂ ਸੰਪਰਕ ਕੀਤਾ ਅਤੇ ਮੰਡੀ ਵਿਚ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ | ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਸਿਮਰਜੀਤ ਸਿੰਘ, ਜ਼ਿਲ੍ਹਾ ਪੈੱ੍ਰਸ ਸਕੱਤਰ ਲਖਵਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ, ਬਲਾਕ ਪ੍ਰਧਾਨ ਰਾਜਿੰਦਰ ਰਾਠੌੜ ਆਦਿ ਹਾਜ਼ਰ ਸਨ |