ਅਬੋਹਰ, 25 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਸਰਹੱਦੀ ਸ਼ਹਿਰ ਅਬੋਹਰ ਨੂੰ ਸੁੰਦਰਤਾ ਅਤੇ ਸਵੱਛਤਾ ਲਈ ਇਕ ਮਾਡਲ ਬਣਾਉਣ ਲਈ ਵਿਧਾਇਕ ਸੰਦੀਪ ਜਾਖੜ ਦੀ ਮੁਹਿੰਮ ਆਪਣਾ ਅਬੋਹਰ ਆਪਣੀ ਆਭਾ ਲਗਾਤਾਰ ਸਰਗਰਮ ਹੈ | ਇਸ ਲੜੀ ਤਹਿਤ ਅੱਜ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਹਨੂਮਾਨਗੜ੍ਹ ਰੋਡ 'ਤੇ ਇਕ ਵਿਸ਼ਾਲ ਸਵੱਛਤਾ ਮੁਹਿੰਮ ਚਲਾਈ ਗਈ | ਵਿਧਾਇਕ ਜਾਖੜ ਨੇ ਇਸ ਮੁਹਿੰਮ ਦੀ ਸ਼ੁਰੂਆਤ ਸਵੇਰੇ-ਸਵੇਰੇ ਆਪਣੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਹਨੂਮਾਨਗੜ੍ਹ ਰੋਡ 'ਤੇ ਸੜਕ ਦੇ ਵਿਚਕਾਰ ਸਥਿਤ ਡਿਵਾਈਡਰ ਦੀ ਸਫ਼ਾਈ ਨਾਲ ਕੀਤੀ | ਇਸ ਮੁਹਿੰਮ ਦੌਰਾਨ ਵਿਧਾਇਕ ਸੰਦੀਪ ਜਾਖੜ ਨੇ ਸੜਕ ਦੇ ਦੋਵੇਂ ਪਾਸੇ ਸਥਿਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦਾ ਕੂੜਾ ਡਿਵਾਈਡਰਾਂ ਜਾਂ ਸੜਕ 'ਤੇ ਨਾ ਸੁੱਟਣ | ਉਨ੍ਹਾਂ ਜ਼ੋਰ ਦਿੰਦੇ ਕਿਹਾ ਕਿ ਅਬੋਹਰ ਸਾਡਾ ਘਰ ਹੈ ਅਤੇ ਇਸ ਦੀ ਸੁੰਦਰਤਾ ਬਣਾਈ ਰੱਖਣਾ ਨਾ ਸਿਰਫ਼ ਪ੍ਰਸ਼ਾਸਨ ਦਾ ਕੰਮ ਹੈ ਸਗੋਂ ਸਾਡੇ ਸਾਰਿਆਂ ਦਾ ਨੈਤਿਕ ਫ਼ਰਜ਼ ਹੈ | ਇਸ ਮੁਹਿੰਮ ਵਿਚ ਗਰੀਨ ਸਿਟੀ ਟੀਮ ਅਬੋਹਰ ਦਾ ਸਹਿਯੋਗ ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ ਸੀ | ਇਸ ਦੌਰਾਨ ਆਸ਼ੂਤੋਸ਼ ਮਹਾਰਾਜ ਦੇ ਚੇਲਿਆਂ ਨੇ ਮੁਹਿੰਮ ਵਾਲੀ ਥਾਂ 'ਤੇ ਪਹੁੰਚ ਕੇ ਵਲੰਟੀਅਰਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਅੰਤ ਵਿਚ ਵਿਧਾਇਕ ਸੰਦੀਪ ਜਾਖੜ ਨੇ ਸਾਰੇ ਸਹਿਯੋਗੀਆਂ ਅਤੇ ਸੰਗਠਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਅਬੋਹਰ ਦਾ ਹਰ ਨਾਗਰਿਕ ਸਫ਼ਾਈ ਨੂੰ ਆਦਤ ਨਹੀਂ ਬਣਾ ਲੈਂਦਾ | ਇਸ ਮੌਕੇ ਸ਼ਹਿਰ ਕੇ ਕਈ ਪਤਵੰਤੇ ਅਤੇ ਨੌਜਵਾਨ ਵਲੰਟੀਅਰ ਮੌਜੂਦ ਸਨ | ਜਿਨ੍ਹਾਂ ਨੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਵੈ-ਇੱਛਿਤ ਕਾਰਜਾਂ ਵਿਚ ਹਿੱਸਾ ਲੈਣ ਦਾ ਪ੍ਰਣ ਲਿਆ |