ਅਬੋਹਰ, 25 ਅਪ੍ਰੈਲ(ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ 'ਚ ਸਿਵਲ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਰੇਸ਼ ਕੰਬੋਜ ਅਤੇ ਨੋਡਲ ਅਫ਼ਸਰ ਡਾ.ਸੁਬੀਨ ਇੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਅਤੇ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ | ਡਾ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਕਾਂਬੇ ਨਾਲ ਬੁਖ਼ਾਰ, ਉਲਟੀਆਂ, ਪਸੀਨਾ ਆਉਣਾ ਜਾਂ ਸਰੀਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਤੇ ਜਾ ਕੇ ਜਾਂਚ ਕਰਵਾਈ ਜਾਵੇ | ਉਨ੍ਹਾਂ ਨੇ ਦੱਸਿਆ ਕਿ ਮਲੇਰੀਆ ਇਕ ਸੰਕਰਾਮਕ ਬਿਮਾਰੀ ਹੈ ਜੋ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ | ਇਸ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਾਫ਼-ਸਫਾਈ ਰੱਖਣ, ਗੰਦਾ ਜਾਂ ਸਾਫ਼ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਮੱਛਰਦਾਨੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਖ਼ਾਸ ਕਰਕੇ ਰਾਤ ਸਮੇਂ ਪੂਰੇ ਸਰੀਰ ਨੂੰ ਢਕ ਕੇ ਸੌਣਾ ਅਤੇ ਮੱਛਰ ਭਜਾਉਣ ਵਾਲੇ ਉਪਕਰਨ ਵਰਤਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਬੱਚਿਆਂ ਅਤੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ ਅਤੇ ਐਨ.ਵੀ.ਬੀ.ਡੀ.ਸੀ.ਪੀ ਵਿੰਗ ਇੰਚਾਰਜ ਟਹਿਲ ਸਿੰਘ ਨੇ ਦੱਸਿਆ ਕਿ ਘਰਾਂ ਦੇ ਆਲੇ-ਦੁਆਲੇ ਟਾਇਰ, ਟੁੱਟੇ ਬਰਤਨ ਜਾਂ ਹੋਰ ਅਜਿਹੀਆਂ ਚੀਜ਼ਾਂ ਨਾ ਰੱਖਣ ਜਿਨ੍ਹਾਂ ਵਿਚ ਪਾਣੀ ਖੜ੍ਹਾ ਰਹਿ ਸਕਦਾ ਹੈ, ਕਿਉਂਕਿ ਇਹ ਮੱਛਰਾਂ ਦੇ ਪ੍ਰਜਨਨ ਲਈ ਵਾਤਾਵਰਨ ਤਿਆਰ ਕਰਦੀਆਂ ਹਨ | ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਂਦੇ ਹੋਏ ਘਰ ਅਤੇ ਆਲੇ-ਦੁਆਲੇ ਪਾਣੀ ਦੇ ਸਰੋਤਾਂ ਨੂੰ ਸਾਫ਼ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਸਮੇਂ ਸਿਰ ਸਾਵਧਾਨੀ ਅਤੇ ਇਲਾਜ ਨਾਲ ਮਲੇਰੀਆ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ | ਇਸ ਮੌਕੇ 'ਤੇ ਮ.ਪ.ਹ.ਵ (ਮੇਲ) ਜਗਦੀਸ਼ ਕੁਮਾਰ, ਅਮਨਦੀਪ ਸਿੰਘ, ਸਕੂਲ ਸਟਾਫ਼ ਤੇ ਬੱਚੇ ਅਤੇ ਸਿਵਲ ਸਟਾਫ਼ ਅਤੇ ਲੋਕ ਮੌਜੂਦ ਸਨ |