ਫ਼ਿਰੋਜ਼ਪੁਰ, 26 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰ ਰਾਘਵ ਚੱਡਾ ਸਮੇਤ ਹੋਰਨਾਂ ਬਾਗ਼ੀ ਰਾਜ ਸਭਾ ਮੈਂਬਰਾਂ ਪ੍ਰਤੀ ਆਪ ਲੀਡਰਸ਼ਿਪ ਤੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਦੇ ਰੋਸ ਵਿਚ ਸੂਬੇ ਭਰ ਵਿਚ ਇਨ੍ਹਾਂ ਬਾਗੀ ਰਾਜ ਸਭਾ ਮੈਂਬਰਾਂ ਵਿਰੁੱਧ ਆਪ ਦੇ ਵਰਕਰਾਂ ਵਲੋਂ ਸੜਕਾਂ 'ਤੇ ਉੱਤਰ ਕੇ ਰੋਸ ਮੁਜ਼ਾਹਰੇ ਕਰਦੇ ਹੋਏ ਪੁਤਲੇ ਫੂਕੇ ਜਾ ਰਹੇ ਹਨ | ਇਸੇ ਰੋਸ ਵਿਚ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਵਿਚ ਵੱਡੀ ਸੰਖਿਆ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਸ਼ਹਿਰ ਦੀਆਂ ਸੜਕਾਂ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਦੇ ਦੌਰਾਨ ਵਰਕਰਾਂ ਤੇ ਆਗੂਆਂ ਵਲੋਂ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਡਾ, ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ, ਰਾਜਿੰਦਰ ਕੁਮਾਰ, ਸਵਾਤੀ ਮਾਲੀਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਵਿਰੁੱਧ ਗ਼ੱਦਾਰ ਹੋਣ ਦੇ ਨਾਅਰੇ ਲਗਾਏ ਗਏ ਤੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਧਾਇਕ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਗ਼ੱਦਾਰਾਂ ਨੂੰ ਕਦੇ ਮਾਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਜਿੱਥੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ | ਉੱਥੇ ਆਪ ਦੀ ਸਮੂਹ ਲੀਡਰਸ਼ਿਪ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆਂ ਦੀ ਲੋਕ ਹਿਤ ਰਾਜਨੀਤੀ ਤੋਂ ਖ਼ੁਸ਼ ਹਨ | ਭੁੱਲਰ ਨੇ ਕਿਹਾ ਕਿ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਲੀਡਰ ਕਦੇ ਵੀ ਕਾਮਯਾਬ ਨਹੀਂ ਹੋਏ | ਇਸ ਮੌਕੇ ਚੇਅਰਮੈਨ ਬਲਰਾਜ ਸਿੰਘ ਕਟੋਰਾ, ਸੂਬਾ ਯੂਥ ਸਕੱਤਰ ਹਰਮੀਤ ਸਿੰਘ ਖਾਈ, ਵਿਕਾਸ ਸ਼ਰਮਾ ਜ਼ਿਲ੍ਹਾ ਇੰਚਾਰਜ ਸਿੱਖਿਆ, ਸਰਪੰਚ ਦਿਲਬਾਗ ਸਿੰਘ, ਸਰਪੰਚ ਗੁਰਮੇਜ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਦਲੇਰ ਸਿੰਘ, ਸਰਪੰਚ ਅਮਰੀਕ ਸਿੰਘ, ਬਲਾਕ ਸੰਮਤੀ ਮੈਂਬਰ ਕੰਵਰਜੀਤ, ਬਲਕਾਰ ਸਿੰਘ ਟੁਰਨਾ, ਹਰਪ੍ਰੀਤ ਸਿੰਘ (ਹੈਪੀ), ਸਰਪੰਚ ਬਿੱਲਾ ਸਿੰਘ, ਸਰਪੰਚ ਗੁਰਨਾਮ ਸਿੰਘ, ਸਰਪੰਚ ਮੋਹਨ ਸਿੰਘ, ਸਰਪੰਚ ਸੁਰਿੰਦਰ ਸਿੰਘ, ਹਲਕਾ ਯੂਥ ਪ੍ਰਧਾਨ ਰਮਨਦੀਪ ਸਿੰਘ, ਜ਼ਿਲ੍ਹਾ ਦਫ਼ਤਰ ਇੰਚਾਰਜ ਪ੍ਰਗਟ ਸਿੰਘ, ਜਤਿੰਦਰ ਸ਼ਿਵਾ, ਸਲਵਿੰਦਰ ਐੱਮ.ਸੀ., ਮਨਦੀਪ ਯੂਥ ਕੋਆਰਡੀਨੇਟਰ, ਨਰਿੰਦਰ ਗਰੋਵਰ (ਸੋਨੂੰ) ਅਤੇ ਹੋਰ ਪਿੰਡਾਂ ਦੇ ਸਰਪੰਚ ਮੌਜੂਦ ਸਨ |