23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਫ਼ਾਜ਼ਿਲਕਾ ਦੀਆਂ ਮੰਡੀਆਂ ਅੰਦਰ ਲਿਫ਼ਟਿੰਗ ਦੇ ਮਾੜੇ ਪ੍ਰਬੰਧਾਂ ਕਾਰਨ ਕਣਕ ਦੇ ਗੱਟਿਆਂ ਦੇ ਲੱਗੇ ਅੰਬਾਰ ਪਿਛਲੇ ਸੀਜ਼ਨ ਅੰਦਰ ਠੇਕੇਦਾਰਾਂ ਵਲੋਂ ਲਗਾਏ ਜਜ਼ੀਆ ਟੈਕਸ ਦੇ ਡਰੋਂ ਬਹੁਤੇ ਟਰੱਕ ਆਪ੍ਰੇਟਰਾਂ ਨੇ ਹੋਰਨਾਂ ਸ਼ਹਿਰਾਂ ਨੂੰ ਘਤੀਆਂ ਵਹੀਰਾਂ

Ad Position 21
No active advertisement
ਫ਼ਾਜ਼ਿਲਕਾ ਦੇ ਇਕ ਫੋਕਲ ਪੁਆਇੰਟ 'ਤੇ ਕਣਕ ਦੇ ਭਰੇ ਗੱਟਿਆਂ ਦੇ ਲੱਗੇ ਅੰਬਾਰ | ਅਜੀਤ ਤਸਵੀਰ <br/> 27-04-2026
ਫ਼ਾਜ਼ਿਲਕਾ, 26 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੀਆਂ ਅਨਾਜ ਮੰਡੀਆਂ ਵਿਚ ਸਰਕਾਰ ਵਲੋਂ ਖ਼ਰੀਦੀ ਕਣਕ ਦੀਆਂ ਬੋਰੀਆਂ ਨਾਲ ਅੰਬਾਰ ਲੱਗ ਗਏ ਹਨ | ਕਣਕ ਦੀ ਲਿਫ਼ਟਿੰਗ ਸੁਸਤ ਰਫ਼ਤਾਰ ਵਿਚ ਚੱਲਣ ਕਾਰਨ ਆੜ੍ਹਤੀ ਤੇ ਕਿਸਾਨ ਵਰਗ ਅੰਦਰ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ ਜਦ ਕਿ ਪ੍ਰਸ਼ਾਸਨਿਕ ਅਧਿਕਾਰੀ ਮੰਡੀਆਂ ਦੇ ਸੁਧਾਰਾਂ ਪ੍ਰਤੀ ਨਵੇਂ-ਨਵੇਂ ਨਿੱਤ ਬਿਆਨ ਦਿੰਦੇ ਹਨ | ਫ਼ਾਜ਼ਿਲਕਾ ਇਲਾਕੇ ਦੀਆਂ ਮੰਡੀਆਂ ਅੰਦਰ ਇਕ ਲੱਖ ਟਨ ਤੋਂ ਜ਼ਿਆਦਾ ਕਣਕ ਦੀ ਚੁਕਾਈ ਬਾਕੀ ਹੈ | ਮੌਸਮ ਤੋਂ ਡਰੇ ਆੜ੍ਹਤੀ ਕਣਕ ਦੀ ਚੁਕਾਈ ਵਿਚ ਤਰਲੇ ਮਾਰ ਰਹੇ ਹਨ ਜਦ ਕਿ ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਫ਼ਾਜ਼ਿਲਕਾ ਦੇ ਵੱਖ-ਵੱਖ ਫੋਕਲ ਪੁਆਇੰਟਾਂ ਹੇਠ ਕਣਕ ਦੀ ਲਿਫ਼ਟਿੰਗ ਦਾ ਕੰਮ ਕਾਫ਼ੀ ਗੰਭੀਰ ਬਣਿਆ ਹੋਇਆ ਹੈ ਪਰ ਪਤਾ ਨਹੀਂ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਟੈਂਡਰ ਲੈਣ ਵਾਲੇ ਠੇਕੇਦਾਰ ਕਿਉਂ ਇਸ ਪਾਸੇ ਧਿਆਨ ਨਹੀਂ ਦੇ ਰਹੇ | ਆੜ੍ਹਤੀਆਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਇਹੀ ਗੰਭੀਰ ਮੁੱਦਾ ਮੰਡੀ 'ਚ ਬਣਿਆ ਸੀ | ਜਦ ਸਵਾ-ਸਵਾ ਮਹੀਨਾ ਕਣਕ ਦੀ ਚੁਕਾਈ ਨਾ ਹੋਵੇ ਤਾਂ ਕਣਕ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ | ਆੜ੍ਹਤੀ ਦਿਨ ਰਾਤ ਰਾਖੀ ਲਈ ਲਟਕ ਜਾਂਦਾ ਹੈ | ਪਿਛਲੇ ਵਰ੍ਹੇ ਵੀ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਆੜ੍ਹਤੀਆਂ ਅਨੁਸਾਰ ਕਣਕ ਜਦ ਸਟੋਰ ਵਿਚ ਗਈ ਤਾਂ ਉਸ ਦਾ ਵਜ਼ਨ ਘੱਟ ਨਿਕਲਿਆ ਜਿਸ ਦੀ ਜ਼ਿੰਮੇਵਾਰੀ ਆੜ੍ਹਤੀਆਂ ਅਤੇ ਟਰੱਕਾਂ ਵਾਲਿਆਂ ਸਿਰ ਪਾ ਦਿੱਤੀ ਗਈ | ਨਾਂ ਕਿਸੇ ਨੇ ਆੜ੍ਹਤੀਆਂ ਦੀ ਸੁਣੀ, ਨਾ ਛੋਟੇ ਟਰੱਕ ਆਪੇ੍ਰਟਰਾਂ ਦੀ | ਟਰੱਕ ਆਪ੍ਰੇਟਰਾਂ ਅਨੁਸਾਰ ਮੰਡੀ ਵਿਚੋਂ ਸਿੱਧੀ ਕਣਕ ਲੱਦ ਕੇ ਉਹ ਨਿਰਧਾਰਿਤ ਸਟੋਰ ਵਿਚ ਪੁੱਜ ਜਾਂਦੇ ਹਨ | ਜਦ ਭਰੇ ਕਣਕ ਦੇ ਗੱਟਿਆਂ ਦਾ ਵਜ਼ਨ ਘੱਟ ਨਿਕਲੇ ਤਾਂ ਉਸ ਲਈ ਟਰੱਕ ਆਪ੍ਰੇਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ | ਪਿਛਲੀ ਵਾਰ ਠੇਕੇਦਾਰਾਂ ਨੇ ਟਰੱਕ ਆਪ੍ਰੇਟਰਾਂ ਵਲੋਂ ਜਬਰੀ ਜਜ਼ੀਏ ਦੇ ਨਾਂਅ 'ਤੇ ਭਾੜੇ ਵਿਚੋਂ ਰਕਮ ਕੱਟੀ ਗਈ | ਟਰੱਕ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਜਦ ਮੰਡੀ ਵਿਚ ਟਰੱਕਾਂ ਅੰਦਰ ਕਣਕ ਭਰੀਦੀ ਹੈ ਤਾਂ ਉਸ ਸਮੇਂ ਖ਼ਾਲੀ ਅਤੇ ਭਰੇ ਟਰੱਕ ਦਾ ਤੋਲ ਜ਼ਰੂਰੀ ਕਰਵਾਇਆ ਜਾਵੇ | ਇਸ ਤਰ੍ਹਾਂ ਟਰੱਕ ਆਪ੍ਰੇਟਰ ਨੂੰ ਇਨਸਾਫ਼ ਮਿਲ ਸਕਦਾ ਹੈ | ਇਹ ਵੀ ਪਤਾ ਚੱਲਿਆ ਹੈ ਕਿ ਪਿਛਲੀ ਵਾਰ ਦੇ ਜਜ਼ੀਏ ਟੈਕਸ ਤੋਂ ਡਰੇ ਜ਼ਿਆਦਾਤਰ ਟਰੱਕ ਆਪ੍ਰੇਟਰ ਆਪਣੇ ਟਰੱਕ ਫ਼ਾਜ਼ਿਲਕਾ ਤੋਂ ਬਾਹਰ ਲੈ ਗਏ ਹਨ | ਟਰੱਕ ਆਪ੍ਰੇਟਰਾਂ ਨੇ ਇਹ ਵੀ ਦੱਸਿਆ ਕਿ ਸੰਸਾਰ ਦੇ ਅੰਦਰ ਇਹ ਮਿਸਾਲ ਪਹਿਲੀ ਵਾਰ ਮਿਲ ਰਹੀ ਹੈ, ਮਹਿੰਗਾਈ ਦੀ ਮੁਦਰਾ ਦਿਨ ਬਦਿਨ ਵੱਧ ਰਹੀ ਹੈ ਜਦ ਕਿ ਇਸ ਚਾਲੂ ਕਣਕ ਦੇ ਸੀਜ਼ਨ ਦੌਰਾਨ ਟਰੱਕ ਆਪ੍ਰੇਟਰ ਨੂੰ ਕਿਰਾਇਆ ਪਿਛਲੇ ਸਾਲ ਦੇ ਮੁਕਾਬਲੇ ਤੋਂ ਘੱਟ ਕਰ ਦਿੱਤਾ ਗਿਆ ਹੈ | ਜਿਸ ਕਰਕੇ ਹਰ ਪਾਸਿਓਾ ਟਰੱਕ ਆਪ੍ਰੇਟਰ ਨੂੰ ਪੈਂਦੀ ਮਾਰ ਦੇਖ ਉਨ੍ਹਾਂ ਦਾ ਹੋਰ ਕਾਰੋਬਾਰੀ ਲਈ ਬਾਹਰ ਟਰੱਕ ਲਿਜਾਣਾ ਸੁਭਾਵਿਕ ਹੈ | ਸਰਕਾਰ ਨੇ ਇਸ ਵਰ੍ਹੇ ਨਵੇਂ ਟੈਂਡਰ ਨਹੀਂ ਲਏ | ਪੁਰਾਣੇ ਠੇਕੇਦਾਰਾਂ ਨੂੰ ਹੀ ਕਣਕ ਦੀ ਚੁਕਾਈ ਦਾ ਕੰਮ ਦੇ ਦਿੱਤਾ ਗਿਆ ਪਰ ਠੇਕੇਦਾਰਾਂ ਨੇ ਮਨਮਰਜ਼ੀ ਕਰਦਿਆਂ ਰੇਟਾਂ ਵਿਚ ਕਮੀ ਕਰ ਦਿੱਤੀ | ਮਜਬੂਰੀ ਵੱਸ ਜਾ ਵੱਡੇ ਟਰੱਕ ਆਪ੍ਰੇਟਰ ਇਸ ਕੰਮ ਵਿਚ ਤਾਂ ਅੱਗੇ ਹੋ ਕੇ ਲੱਗੇ ਹਨ ਕਿ ਲੰਮਾ ਸਮਾਂ ਉਹ ਆਪ ਹੀ ਮਾਲ ਢੋਣਗੇ | ਆੜ੍ਹਤੀਆਂ ਦਾ ਕਹਿਣਾ ਹੈ ਕਿ ਰੱਬ ਨਾ ਕਰੇ ਜੇ ਕਿਧਰੇ ਬੇਮੌਸਮੀ ਵਰਖਾ ਹੋ ਜਾਵੇ, ਗੱਟਿਆਂ ਵਿਚ ਭਰੀ ਕਣਕ ਦਾ ਕੀ ਹਾਲ ਹੋਵੇਗਾ ਅਤੇ ਉਸ ਦੀ ਜ਼ਿੰਮੇਵਾਰੀ ਕਿਸ ਉੱਪਰ ਹੋਵੇਗੀ | ਟਰੱਕ ਆਪ੍ਰੇਟਰਾਂ ਅਤੇ ਆੜ੍ਹਤੀ ਵਰਗ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਚਹੇਤੇ ਠੇਕੇਦਾਰਾਂ ਨੂੰ ਲਾਭ ਦੇਣ ਵਾਸਤੇ ਹੱਡ ਭੰਨਵੀਂ ਮਿਹਨਤ ਕਰਦੇ ਟਰੱਕ ਆਪ੍ਰੇਟਰ ਅਤੇ ਆੜ੍ਹਤੀ ਸੂਲੀ 'ਤੇ ਚਾੜ੍ਹ ਦਿੱਤੇ ਜਾਂਦੇ ਹਨ | ਟਰੱਕ ਯੂਨੀਅਨ ਦੇ ਇਸ ਕੰਮ ਨੂੰ ਲੈ ਕੇ ਸੈਂਕੜੇ ਟਰੱਕ ਆਪ੍ਰੇਟਰ ਅਤੇ ਸੈਂਕੜੇ ਆੜ੍ਹਤੀਆਂ ਵਲੋਂ ਸਰਕਾਰ ਪ੍ਰਤੀ ਗ਼ੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਣਾ ਦਾ ਸਮਾਂ ਸਿਰ 'ਤੇ ਹੈ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰ ਦੇ ਚਹੇਤੇ ਠੇਕੇਦਾਰ ਇਸ ਪਾਸੇ ਕਿਉਂ ਨਹੀਂ ਧਿਆਨ ਦੇ ਰਹੇ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿਧਾਇਕ ਭੁੱਲਰ ਦੀ ਅਗਵਾਈ ਵਿਚ ਰਾਘਵ ਚੱਢਾ ਸਮੇਤ ਬਾਗ਼ੀ ਰਾਜ ਸਭਾ ਮੈਂਬਰਾਂ ਵਿਰੁੱਧ ਰੋਸ ਪ੍ਰਦਰਸ਼ਨ- ਫੂਕੇ ਪੁਤਲੇ ਪੰ...
Ad Position 24