ਫ਼ਾਜ਼ਿਲਕਾ, 27 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਰਿਕ੍ਰੀਏਸ਼ਨ ਕਲੱਬ ਫ਼ਾਜ਼ਿਲਕਾ ਦੀ ਚੋਣ ਲਈ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ | ਕਲੱਬ ਦੇ ਉਪ-ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਦੇ ਅਹੁਦਿਆਂ ਲਈ ਚੋਣਾਂ 10 ਮਈ ਨੂੰ ਹੋਣਗੀਆਂ | ਚੋਣ ਪ੍ਰਕਿਰਿਆ ਦੇ ਤਹਿਤ ਨਾਮਜ਼ਦਗੀ ਪੱਤਰ ਅੱਜ 28 ਅਪ੍ਰੈਲ ਨੂੰ ਭਰੇ ਜਾਣਗੇ, ਜਦਕਿ 29 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ | ਉਮੀਦਵਾਰ 2 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ | ਵੋਟਾਂ 10 ਮਈ ਨੂੰ ਸ਼ਾਮ 4:00 ਵਜੇ ਤੋਂ ਰਾਤ 8:00 ਵਜੇ ਤੱਕ ਪੈਣਗੀਆਂ | ਚੋਣ ਪ੍ਰਕਿਰਿਆ ਦੇ ਸੰਚਾਲਕ ਐਡਵੋਕੇਟ ਮੋਹਿੰਦਰ ਦੇਵ ਲੂਣਾ, ਐਡਵੋਕੇਟ ਸੰਜੀਵ ਭੁਸਰੀ, ਵਿਨੋਦ ਸਚਦੇਵਾ, ਕੁਮਾਰ ਸੌਰਭ ਸੰਨ੍ਹੀ ਝਾਂਬ ਅਤੇ ਅਨਿਲ ਕੁਮਾਰ ਸੇਠੀ ਨੇ ਦੱਸਿਆ ਕਿ ਚੋਣਾਂ ਵਿਚ ਭਾਗ ਲੈਣ ਲਈ ਮੈਂਬਰਾਂ ਨੂੰ ਕਲੱਬ ਪ੍ਰਬੰਧਕ ਅਤੇ ਕੰਟੀਨ ਠੇਕੇਦਾਰ ਤੋਂ 'ਨੋ ਡਿਊ ਸਰਟੀਫਿਕੇਟ' ਲੈਣਾ ਲਾਜ਼ਮੀ ਹੋਵੇਗਾ | ਜਿਨ੍ਹਾਂ ਮੈਂਬਰਾਂ ਵੱਲ ਕੋਈ ਬਕਾਇਆ ਹੋਵੇਗਾ, ਉਹ ਨਾ ਤਾਂ ਚੋਣ ਲੜ ਸਕਣਗੇ ਅਤੇ ਨਾ ਹੀ ਵੋਟ ਪਾਉਣ ਦੇ ਯੋਗ ਹੋਣਗੇ | ਐਡਵੋਕੇਟ ਸੰਜੀਵ ਭੁਸਰੀ ਨੇ ਦੱਸਿਆ ਕਿ ਚੋਣ ਲੜਨ ਵਾਲੇ ਹਰੇਕ ਉਮੀਦਵਾਰ ਨੂੰ ਅਰਜ਼ੀ ਦੇ ਨਾਲ 15,000 ਰੁਪਏ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ, ਜੋ ਕਿਸੇ ਵੀ ਸਥਿਤੀ ਵਿਚ ਵਾਪਸ ਨਹੀਂ ਕੀਤੀ ਜਾਵੇਗੀ | ਬਿਨਾਂ ਫ਼ੀਸ ਦੇ ਅਰਜ਼ੀ ਅਮਾਨਵ ਮੰਨੀ ਜਾਵੇਗੀ | ਨਾਮਜ਼ਦਗੀ ਫਾਰਮ ਕਲੱਬ ਪ੍ਰਬੰਧਕ ਕੋਲ ਉਪਲਬਧ ਹੋਣਗੇ | ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |