ਮੰਡੀ ਲਾਧੂਕਾ, 27 ਅਪ੍ਰੈਲ (ਰਾਕੇਸ਼ ਛਾਬੜਾ)-ਬਿਜਲੀ ਦੇ ਲੰਮੇ ਕੱਟਾਂ ਨੂੰ ਮੁੱਖ ਰੱਖਦੇ ਹੋਏ ਮੁਲਾਜ਼ਮਾਂ ਨੂੰ ਖਪਤਕਾਰਾਂ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਪਾਵਰ ਕਾਮ ਦੇ ਗਰਿੱਡ ਸਟੇਸ਼ਨਾਂ 'ਤੇ ਨਿਯੁਕਤ ਬਿਜਲੀ ਮੁਲਾਜ਼ਮਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ | ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਕੁਮਾਰ ਨੇ ਕਿਹਾ ਹੈ ਪਾਵਰ ਕਾਮ ਦੇ ਗਰਿੱਡ ਸਟੇਸ਼ਨਾਂ ਦੇ ਮੁਲਾਜ਼ਮ ਅਸੁਰੱਖਿਆ ਦੀ ਭਾਵਨਾ ਹੇਠ ਆਪਣੀ ਡਿਊਟੀ ਦੇ ਰਹੇ ਹਨ | ਉਨ੍ਹਾਂ ਨੇ ਕਿਹਾ ਹੈ ਬਿਜਲੀ ਘਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਹੈਲਪਰਾਂ ਦੀਆਂ 8 ਹਜ਼ਾਰ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 4700 ਦੀ ਕਰੀਬ ਅਸਾਮੀਆਂ ਖ਼ਾਲੀ ਪਈਆਂ ਹਨ, ਬਹੁਤ ਘੱਟ ਗਿਣਤੀ ਵਿਚ ਗਰਿੱਡ ਸਟੇਸ਼ਨਾਂ 'ਤੇ ਮੁਲਾਜ਼ਮ ਡਿਊਟੀਆਂ ਦੇ ਰਹੇ ਹਨ | ਉਨ੍ਹਾਂ ਨੇ ਕਿਹਾ ਹੈ ਪਿਛਲੇ ਦਿਨੀਂ ਪੰਜਾਬ ਦੇ ਕਈ ਬਿਜਲੀ ਘਰਾਂ ਵਿਚ ਮੁਲਾਜ਼ਮਾਂ ਨੂੰ ਖਪਤਕਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ, ਅਜਿਹੇ ਵਿਚ ਕਈ ਵਾਰ ਹਾਲਾਤ ਆਪੇ ਤੋਂ ਬਾਹਰ ਹੋ ਜਾਂਦੇ ਹਨ, ਇਸ ਲਈ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਪ੍ਰਬੰਧਕੀ ਕਮੇਟੀ ਗਰਿੱਡ ਸਟੇਸ਼ਨਾਂ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਸੁਰੱਖਿਆ ਦਾ ਪ੍ਰਬੰਧ ਕਰੇ |