ਮੰਡੀ ਅਰਨੀਵਾਲਾ, 27 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਫ਼ਾਜ਼ਿਲਕਾ ਦੇ ਮਲੋਟ ਰੋਡ 'ਤੇ ਪਿੰਡ ਇਸਲਾਮ ਵਾਲਾ ਗੰਗ ਕਨਾਲ ਦੇ ਪੁਲ ਉੱਤੇ ਇਕ ਨੌਜਵਾਨ ਜੋ ਕਿ ਕਸਬਾ ਅਰਨੀਵਾਲਾ ਦਾ ਰਹਿਣ ਵਾਲਾ ਹੈ ਅਤੇ ਜਿਸ ਦੀ ਉਮਰ ਕਰੀਬ 21 ਸਾਲ ਹੈ, ਉਹ ਨਹਿਰ ਵਿਚ ਛਾਲ ਮਾਰਨ ਦੇ ਮਕਸਦ ਨਾਲ ਇੱਥੇ ਪੁੱਜਾ | ਜਿਸ ਨੂੰ ਉੱਥੇ ਤਾਇਨਾਤ ਐੱਸ.ਐੱਸ.ਐਫ ਦੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਬਚਾਅ ਲਿਆ | ਉਸ ਦੀ ਕੌਂਸਲਿੰਗ ਕੀਤੀ ਅਤੇ ਉਸ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਕੇ ਉਸ ਨੂੰ ਉਸ ਦੇ ਪਿਤਾ ਅਤੇ ਚਾਚੇ ਦੇ ਹਵਾਲੇ ਕਰ ਦਿੱਤਾ | ਟੀਮ ਦੇ ਇੰਚਾਰਜ ਦੇਵੀ ਦਿਆਲ ਨੇ ਦੱਸਿਆ ਕਿ ਨੌਜਵਾਨ ਕੁੱਝ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਆਤਮ ਹੱਤਿਆ ਕਰਨ ਦੇ ਮਕਸਦ ਨਾਲ ਇੱਥੇ ਪੁੱਜਾ ਸੀ | ਜਿਸ ਨੂੰ ਪਹਿਲਾਂ ਵੀ ਬਚਾਇਆ ਜਾ ਚੁੱਕਾ ਹੈ | ਉਸ ਨੇ ਕਿਹਾ ਕਿ ਸਾਡੇ ਵਲੋਂ ਮਾਤਾ-ਪਿਤਾ ਨੂੰ ਖ਼ਾਸ ਤੌਰ 'ਤੇ ਕਿਹਾ ਗਿਆ ਹੈ ਕਿ ਉਸ ਦੇ ਨਾਲ ਵਿਵਹਾਰ ਨਿਮਰਤਾ ਅਤੇ ਪਿਆਰ ਵਾਲਾ ਰੱਖਿਆ ਜਾਵੇ |