ਅਬੋਹਰ, 13 ਮਈ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਚੋਣਾਂ ਦਾ ਐਲਾਨ ਹੁੰਦੇ ਹੀ ਜਿੱਥੇ ਉਮੀਦਵਾਰਾਂ ਨੂੰ ਚਾਅ ਚੜਿ੍ਹਆ ਹੋਇਆ ਹੈ, ਉੱਥੇ ਹੀ ਸਾਰੀਆਂ ਸਿਆਸੀ ਧਿਰਾਂ ਵਲੋਂ ਉਮੀਦਵਾਰਾਂ ਦੀ ਚੋਣ ਕਰਨਾ ਵੀ ਕਿਸੇ ਸੰਘਰਸ਼ ਤੋਂ ਘੱਟ ਨਹੀਂ ਜਾਪ ਰਿਹਾ ਜੋ ਕਿ ਜੋੜ-ਤੋੜ ਕਰਕੇ ਇਕ ਦੂਜੇ ਦੇ ਉਮੀਦਵਾਰਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ | ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਦੇ ਲਈ ਹੋਣ ਜਾ ਰਹੀਆਂ ਚੋਣਾਂ ਲਈ ਸੱਤਾ ਧਿਰ ਆਮ ਆਦਮੀ ਪਾਰਟੀ ਲਈ ਪਹਿਲੀ ਵਾਰ 50 ਉਮੀਦਵਾਰ ਖੜੇ ਕਰਨਾ ਵੀ ਚੁਨੌਤੀ ਬਣਿਆ ਹੋਇਆ ਹੈ, ਜਿਸ ਕਾਰਨ ਸੱਤਾ ਧਿਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਣੇ ਪੰਜ ਮੈਂਬਰੀ ਕਮੇਟੀ ਉਮੀਦਵਾਰਾਂ ਦੀ ਚੋਣ ਸੰਬੰਧੀ ਨਿਯੁਕਤ ਕੀਤੀ ਗਈ ਹੈ | ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਲੋਂ ਵੀ 7 ਮੈਂਬਰੀ ਕਮੇਟੀ ਦਾ ਗਠਨ ਕਰਕੇ ਉਮੀਦਵਾਰਾਂ ਦੀ ਚੋਣ ਸੰਬੰਧੀ ਫ਼ੈਸਲਾ ਲਿਆ ਜਾਵੇਗਾ ਜਦ ਕਿ ਹਲਕਾ ਵਿਧਾਇਕ ਸੰਦੀਪ ਜਾਖੜ ਵਲੋਂ ਆਪਣੇ ਪੱਧਰ 'ਤੇ ਪਿਛਲੇ ਕਈ ਦਿਨਾਂ ਤੋਂ ਵਾਰਡ ਵਾਈਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਦੂਜੇ ਪਾਸੇ ਜਾਖੜ ਸਮਰਥਕ ਨਵੀਂ ਬੀ.ਜੇ.ਪੀ ਅਤੇ ਪੁਰਾਣੀ ਬੀ.ਜੇ.ਪੀ ਦੇ ਵਰਕਰਾਂ ਵਿਚ ਉਮੀਦਵਾਰਾਂ ਦੀ ਚੋਣ ਸੰਬੰਧੀ ਕਸ਼ਮਕਸ਼ ਜ਼ਰੂਰ ਦਿਖਾਈ ਦੇ ਰਹੀ ਹੈ | ਇਸ ਤੋਂ ਇਲਾਵਾ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੀਆਂ ਅਬੋਹਰ ਵਿਖੇ ਗਤੀਵਿਧੀਆਂ ਬਿਲਕੁਲ ਠੰਡੀਆਂ ਚੱਲ ਰਹੀਆਂ ਹਨ ਅਤੇ ਇਸ ਵਾਰ ਕਾਂਗਰਸ ਪਾਰਟੀ ਨੂੰ 50 ਵਾਰਡਾਂ ਤੋਂ ਉਮੀਦਵਾਰ ਖੜੇ ਕਰਨਾ ਹੀ ਕਿਸੇ ਵੱਡੀ ਚੁਨੌਤੀ ਤੋਂ ਘੱਟ ਨਹੀਂ ਜਦ ਕਿ ਅਬੋਹਰ ਨਗਰ ਨਿਗਮ ਵਿਚ ਕਾਂਗਰਸ ਦੇ ਬੋਰਡ ਗਠਨ ਉਪਰੰਤ ਜਾਖੜ ਪਰਿਵਾਰ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਸਾਰਾ ਕਾਂਗਰਸ ਦਾ ਬੋਰਡ ਹੀ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ | ਜਿਸ ਕਾਰਨ ਕਾਂਗਰਸ ਨੂੰ ਉਮੀਦਵਾਰ ਲੱਭਣ ਵਿਚ ਸਖ਼ਤ ਮਿਹਨਤ ਕਰਨੀ ਪਵੇਗੀ | ਚੌਥੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਲਈ ਵੀ 50 ਉਮੀਦਵਾਰ ਖੜੇ ਕਰਨਾ ਕਿਸੇ ਮੁਕਾਬਲੇ ਤੋਂ ਘੱਟ ਨਹੀਂ ਜਦ ਕਿ ਹਮੇਸ਼ਾ ਤੋਂ ਅਬੋਹਰ ਵਿਧਾਨ ਸਭਾ ਹਲਕਾ ਅਕਾਲੀ-ਭਾਜਪਾ ਗੱਠਜੋੜ ਸਮੇਂ ਭਾਜਪਾ ਦੀ ਝੋਲੀ ਵਿਚ ਰਿਹਾ ਹੈ ਜਿੱਥੇ ਅਕਾਲੀ ਦਲ ਕਦੇ ਵੀ ਮਜ਼ਬੂਤ ਨਜ਼ਰ ਨਹੀਂ ਆਇਆ ਅਤੇ ਹੁਣ ਇਕੱਲੇ ਤੌਰ 'ਤੇ ਅਕਾਲੀ ਦਲ ਵਲੋਂ 50 ਵਾਰਡਾਂ ਲਈ ਚੋਣ ਲੜਨਾ ਕਿਸੇ ਮੁਕਾਬਲੇ ਤੋਂ ਘੱਟ ਨਹੀਂ | ਜਿਸ ਕਾਰਨ ਅਬੋਹਰ ਨਗਰ ਨਿਗਮ ਵਿਚ ਚੋਣ ਮੁਕਾਬਲਾ ਜ਼ਰੂਰ ਚਹੁੁੰਕੋਣਾ ਮੰਨਿਆ ਜਾ ਰਿਹਾ ਹੈ ਪਰ ਮੁੱਖ ਮੁਕਾਬਲਾ ਸੱਤਾ ਧਿਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਦੇਖਿਆ ਜਾ ਰਿਹਾ ਹੈ | ਜਿਸ ਤਹਿਤ 13 ਮਈ ਨੂੰ ਨਾਮਜ਼ਦਗੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਜੋ ਕਿ 16 ਮਈ ਤੱਕ ਚੱਲੇਗੀ | ਇਸ ਸੰਬੰਧੀ ਉਮੀਦਵਾਰਾਂ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਐਨ.ਓ.ਸੀ ਲੈਣ ਤੋਂ ਇਲਾਵਾ ਹੋਰ ਕਾਗ਼ਜ਼ ਪੂਰੇ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਵਾਰ ਅਬੋਹਰ ਸ਼ਹਿਰ ਸਮੱਸਿਆਵਾਂ ਵਿਚ ਘਿਰੇ ਹੋਣ ਕਾਰਨ ਵੋਟਰ ਬਿਲਕੁਲ ਚੁੱਪ ਅਤੇ ਹਰ ਸਿਆਸੀ ਧਿਰ ਤੋਂ ਅੱਕਿਆ ਨਜ਼ਰ ਆ ਰਿਹਾ ਹੈ |