ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿਚ ਜਥੇਬੰਦੀ ਦੇ ਜ਼ਿਲ੍ਹਾ ਖ਼ਜ਼ਾਨਚੀ ਅਦਿੱਤਿਆ ਫ਼ਾਜ਼ਿਲਕਾ ਵਲੋਂ ਜਥੇਬੰਦੀ ਦੇ ਸਿਧਾਂਤਾਂ ਅਤੇ ਅਨੁਸ਼ਾਸਨ ਦੇ ਉਲਟ ਜਾ ਕੇ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਚੋਣ ਲੜਨ ਦੇ ਨਿੱਜੀ ਫ਼ੈਸਲੇ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ | ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਪੀ.ਐੱਸ.ਯੂ.ਦੇ ਸੂਬਾ ਜਨਰਲ ਸਕੱਤਰ ਧੀਰਜ ਫ਼ਾਜ਼ਿਲਕਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰ ਖੀਵਾ, ਸਕੱਤਰ ਮਮਤਾ ਲਾਧੂਕਾ, ਪੈੱ੍ਰਸ ਸਕੱਤਰ ਦਿਲਕਰਨ ਰਤਨਪੁਰਾ ਅਤੇ ਜ਼ਿਲ੍ਹਾ ਆਗੂ ਪ੍ਰਵੀਨ ਕੌਰ ਨੇ ਸਪਸ਼ਟ ਕੀਤਾ ਕਿ ਇਹ ਜਥੇਬੰਦੀ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ 'ਤੇ ਚੱਲਣ ਵਾਲੀ ਹੈ ਅਤੇ ਇਸ ਦਾ ਕਿਸੇ ਵੀ ਵੋਟ ਬਟੋਰੂ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ | ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਫੈਲੀ ਮੰਦੀ, ਭੁੱਖਮਰੀ ਅਤੇ ਮਹਿੰਗਾਈ ਲਈ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਹਨ | ਉਨ੍ਹਾਂ ਦੋਸ਼ ਲਾਇਆ ਕਿ ਜੋ ਲੋਕ ਵਿਰੋਧੀ ਨੀਤੀਆਂ ਪਹਿਲਾਂ ਕਾਂਗਰਸ ਲੈ ਕੇ ਆਈ ਸੀ, ਉਨ੍ਹਾਂ ਨੂੰ ਹੀ ਮੌਜੂਦਾ ਸਰਕਾਰਾਂ ਅੱਗੇ ਵਧਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਆਮ ਲੋਕਾਂ ਦੇ ਪੱਖ ਵਿਚ ਗੱਲ ਨਹੀਂ ਕੀਤੀ ਅਤੇ ਸਭ ਕੁੱਝ ਕਾਰਪੋਰੇਟ ਘਰਾਨਿਆਂ ਦੇ ਹੱਕ ਵਿਚ ਲੁਟਾਇਆ ਜਾ ਰਿਹਾ ਹੈ | ਜਥੇਬੰਦੀ ਨੇ ਦੁਹਰਾਇਆ ਕਿ ਸਮੱਸਿਆਵਾਂ ਦਾ ਹੱਲ ਚੋਣਾਂ ਰਾਹੀਂ ਨਹੀਂ, ਸਗੋਂ ਜਨ ਸੰਘਰਸ਼ਾਂ ਰਾਹੀਂ ਹੀ ਸੰਭਵ ਹੈ |