ਮੰਡੀ ਅਰਨੀਵਾਲਾ, 13 ਮਈ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਦਾ ਚੋਣ ਦੰਗਲ ਸ਼ੁਰੂ ਹੁੰਦੇ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ | ਆਪ ਦੇ ਟਕਸਾਲੀ ਵਰਕਰ ਪ੍ਰੇਮ ਸਿੰਘ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ | ਉਨ੍ਹਾਂ ਨੂੰ ਬੀ.ਜੇ.ਪੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਮੰਡਲ ਪ੍ਰਧਾਨ ਬਲਵਿੰਦਰ ਸਿੰਘ ਅÏਲਖ, ਮਨਜਿੰਦਰ ਸਿੰਘ ਸਾਜਨ ਖੇੜਾ, ਯੁਵਾ ਮੋਰਚਾ ਦੇ ਪ੍ਰਧਾਨ ਲਵਿਸ਼ ਸ਼ਰਮਾ ਨੇ ਸ਼ਮੂਲੀਅਤ ਕਰਵਾਈ | ਪ੍ਰੇਮ ਸਿੰਘ ਨੇ ਦੱਸਿਆ ਕਿ ਉਹ 2008 ਤੋਂ ਆਮ ਆਦਮੀ ਪਾਰਟੀ ਦੇ ਨਾਲ ਉਸ ਵੇਲੇ ਤੋਂ ਜੁੜੇ ਹੋਏ ਨੇ ਜਦੋਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ , ਅੰਨ੍ਹਾ ਹਜ਼ਾਰੇ ਅਤੇ ਬਾਬਾ ਰਾਮਦੇਵ ਵਲੋਂ ਅੰਦੋਲਨ ਸ਼ੁਰੂ ਕੀਤਾ ਗਿਆ | ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਸਾਲ 2021 ਵਿਚ ਵਾਰਡ ਨੰਬਰ ਛੇ ਤੋਂ ਪਾਰਟੀ ਟਿਕਟ ਤੇ ਚੋਣ ਵੀ ਲੜ ਚੁੱਕੇ ਹਨ | ਇਸ ਵਾਰ ਪਾਰਟੀ ਵੱਲੋਂ ਉਨ੍ਹਾਂ ਨੂੰ ਦਰਕਿਨਾਰ ਕੀਤਾ ਗਿਆ ਹੈ | ਜਿਸ ਕਰਕੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ | ਪ੍ਰੇਮ ਸਿੰਘ ਦੇ ਬੇਟੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਵਾਰਡ ਨੰਬਰ ਛੇ ਤੋਂ ਭਾਰਤੀ ਜਨਤਾ ਪਾਰਟੀ ਵਲੋਂ ਐਮ.ਸੀ ਦੀ ਚੋਣ ਲੜਨਗੇ |