ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਨੇ ਟੀਕਾਕਰਨ ਪ੍ਰੋਗਰਾਮ ਅਧੀਨ ਅਬੋਹਰ ਅਤੇ ਸੀਤੋ ਗੰੁਨੋ੍ਹ ਬਲਾਕ ਦੇ ਸੀਡ ਫਾਰਮ ਅਤੇ ਨਵੀਂ ਆਬਾਦੀ ਖੇਤਰ ਵਿਖੇ ਲਗਾਏ ਗਏ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਸਟਾਫ਼ ਦੇ ਰਿਕਾਰਡ ਦਾ ਨਿਰੀਖਣ ਵੀ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਵਿਚ ਮਾਂ ਦੀ ਗਰਭ ਦੌਰਾਨ ਦੇਖਭਾਲ ਦੇ ਨਾਲ-ਨਾਲ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਜਣੇਪੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ 12 ਮਾਰੂ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਫ਼ੀਲਡ ਸਟਾਫ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਏਰੀਏ ਅਧੀਨ ਆਉਂਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ, ਕਿਉਂਕਿ ਜੇਕਰ ਕੁੱਝ ਬੱਚੇ ਵੀ ਮੁਕੰਮਲ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਬਿਮਾਰੀ ਦਾ ਖ਼ਤਰਾ ਸਮਾਜ 'ਤੇ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀਆਂ ਨਿਯਮਿਤ ਡੋਜ਼ਾਂ ਅਤੇ ਖ਼ਾਸ ਤੌਰ ਤੇ ਮੀਜ਼ਲ ਡੋਜਾਂ ਦਾ ਟੀਚਾ ਪੂਰਾ ਕੀਤਾ ਜਾਵੇ | ਇਸ ਮੌਕੇ 'ਤੇ ਮੈਡੀਕਲ ਅਫ਼ਸਰ ਡਾ.ਰਾਜਵੀਰ ਕੰਬੋਜ ਅਤੇ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ਼, ਆਸ਼ਾ ਵਰਕਰ ਅਤੇ ਲੋਕ ਮੌਜੂਦ ਸਨ |