ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)-ਆਨਲਾਈਨ ਦਵਾਈਆਂ ਦੀ ਅਣਗੌਲੀ ਵਿੱਕਰੀ ਅਤੇ ਈ-ਫਾਰਮੇਸੀ ਪਲੇਟਫ਼ਾਰਮਾਂ ਦੀ ਮਨਮਾਨੀ ਦੇ ਵਿਰੋਧ ਵਿਚ ਜਲਾਲਾਬਾਦ ਵਿਚ ਬਹੁਤੇ ਦਵਾਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸ਼ਾਂਤੀਪੂਰਨ ਹੜਤਾਲ ਕੀਤੀ¢ ਇਸ ਹੜਤਾਲ ਵਿਚ ਜਲਾਲਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਮੈਡੀਕਲ ਸਟੋਰ ਬੰਦ ਰਹੇ ਅਤੇ ਦੁਕਾਨਦਾਰਾਂ ਨੇ ਸਰਕਾਰ ਦੇ ਸਾਹਮਣੇ ਆਨਲਾਈਨ ਦਵਾਈ ਵਪਾਰ 'ਤੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਮਜ਼ਬੂਤੀ ਨਾਲ ਰੱਖੀ¢ ਸਥਾਨਕ ਰੱਸੇ ਵੱਟ ਧਰਮਸ਼ਾਲਾ ਵਿਚ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਘਰ-ਘਰ ਦਵਾਈਆਂ ਪਹੁੰਚਾਉਣ ਲਈ ਆਨਲਾਈਨ ਦਵਾਈ ਵਿੱਕਰੀ ਦੀ ਸ਼ੁਰੂਆਤ ਕੀਤੀ ਗਈ ਸੀ¢ ਪਰ ਹੁਣ ਇਹ ਆਨਲਾਈਨ ਵਿੱਕਰੀ ਸਥਾਨਕ ਮੈਡੀਕਲ ਸੰਚਾਲਕਾਂ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈ ਵਿੱਕਰੀ ਕਾਰਨ ਜਿੱਥੇ ਮੈਡੀਕਲ ਕਾਰੋਬਾਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਡੁਪਲੀਕੇਟ ਅਤੇ ਘਟੀਆ ਦਵਾਈਆਂ ਵੇਚਣ ਵਾਲੇ ਮੈਡੀਕਲ ਮਾਫ਼ੀਆ ਨੂੰ ਵੀ ਹੌਸਲਾ ਮਿਲ ਰਿਹਾ ਹੈ¢ ਇਹ ਹੜਤਾਲ ਸਿਰਫ਼ ਵਪਾਰ ਬਚਾਉਣ ਦਾ ਜ਼ਰੀਆਂ ਨਹੀਂ ਹੈ, ਬਲਕਿ ਇਹ ਆਮ ਜਨਤਾ ਦੀ ਸਿਹਤ ਦੀ ਰੱਖਿਆ ਨਾਲ ਜੁੜੀ ਇੱਕ ਵੱਡੀ ਲੜਾਈ ਹੈ¢ ਉਨ੍ਹਾਂ ਦੱਸਿਆ ਕਿ ਰਵਾਇਤੀ ਮੈਡੀਕਲ ਸਟੋਰਾਂ 'ਤੇ ਸਰਕਾਰ ਦੇ ਨਿਯਮਾਂ ਅਨੁਸਾਰ ਲਾਇਸੰਸ, ਰਜਿਸਟਰਡ ਫਾਰਮਾਸਿਸਟ ਅਤੇ ਲਾਜ਼ਮੀ ਬਿਲਿੰਗ ਦੀ ਸਖ਼ਤ ਵਿਵਸਥਾ ਹੁੰਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਹਮੇਸ਼ਾ ਸਹੀ ਅਤੇ ਪ੍ਰਮਾਣਿਕ ਦਵਾਈਆਂ ਮਿਲਣਾ ਯਕੀਨੀ ਹੁੰਦਾ ਹੈ¢ ਇਸ ਦੇ ਉਲਟ, ਆਨਲਾਈਨ ਪੋਰਟਲ 'ਤੇ ਬਿਨਾਂ ਉਚਿੱਤ ਡਾਕਟਰੀ ਪਰਚੀ ਦੇ ਵੀ ਕਈ ਵਾਰ ਸ਼ਕਤੀਸ਼ਾਲੀ ਦਵਾਈਆਂ ਅਤੇ ਐਂਟੀਬਾਇਓਟਿਕਸ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ, ਜੋ ਲੋਕਾਂ ਦੀ ਸਿਹਤ ਨਾਲ ਇਕ ਵੱਡਾ ਖਿਲਵਾੜ ਹੈ¢ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਥਾਨਕ ਕੈਮਿਸਟ ਹਮੇਸ਼ਾ ਮਰੀਜ਼ ਦੇ ਇਤਿਹਾਸ ਅਤੇ ਦਵਾਈਆਂ ਦੇ ਸਾਈਡ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਐਮਰਜੈਂਸੀ ਹਾਲਾਤ ਵਿਚ ਤੁਰੰਤ ਮਦਦ ਪਹੁੰਚਾਉਂਦੇ ਹਨ, ਜਦੋਂ ਕਿ ਕਾਰਪੋਰੇਟ ਈ-ਫਾਰਮੇਸੀ ਵਿਚ ਅਜਿਹੀ ਮਾਨਵੀ ਸੇਵਾ ਅਤੇ ਜ਼ਿੰਮੇਵਾਰੀ ਦੀ ਪੂਰੀ ਤਰ੍ਹਾਂ ਘਾਟ ਹੁੰਦੀ ਹੈ¢ ਇਸ ਤੋਂ ਇਲਾਵਾ ਭਾਰੀ ਛੋਟ ਦੇ ਲਾਲਚ ਕਾਰਨ ਛੋਟੇ ਦੁਕਾਨਦਾਰਾਂ ਦਾ ਰੁਜ਼ਗਾਰ ਵੀ ਸੰਕਟ ਵਿਚ ਆ ਰਿਹਾ ਹੈ¢ ਦਵਾਈ ਵਿਕ੍ਰੇਤਾਵਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਛੋਟੇ ਕਾਰੋਬਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਆਨਲਾਈਨ ਪਲੇਟਫ਼ਾਰਮਾਂ 'ਤੇ ਸਖ਼ਤ ਕਾਨੂੰਨ ਬਣਾਏ ਅਤੇ ਆਨਲਾਈਨ ਮੈਡੀਕਲ ਦਵਾਈਆਂ ਦੀ ਵਿੱਕਰੀ 'ਤੇ ਪੂਰਨ ਰੂਪ ਵਿਚ ਪਾਬੰਦੀ ਲਗਾਈ ਜਾਵੇ ਅਤੇ ਸਥਾਨਕ ਮੈਡੀਕਲ ਕਾਰੋਬਾਰ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ¢