ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ)-ਥਾਣਾ ਬਹਾਵਵਾਲਾ ਪੁਲਿਸ ਨੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਕੁੱਟਮਾਰ ਅਤੇ ਟਰੈਕਟਰ ਦੀ ਭੰਨਤੋੜ ਸਮੇਤ ਸਮਾਨ ਚੋਰੀ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੇਮ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਮਹਿਰਾਣਾ ਤਹਿਸੀਲ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾਲ ਵਿਭਾਗ ਦੇ ਅਫ਼ਸਰਾਂ ਵਲੋਂ ਤਕਸੀਮ ਰਾਹੀਂ ਮਿਲੀ ਜ਼ਮੀਨ ਦੇ ਟੱਕ ਦਾ ਕਬਜ਼ਾ ਪਿ੍ਯੰਕਾ ਪਤਨੀ ਨਰਿੰਦਰ ਕੁਮਾਰ ਵਗ਼ੈਰਾ ਕੋਲੋਂ ਦਵਾਇਆ ਗਿਆ ਸੀ, ਜਿਸ ਦੀ ਰਪਟ ਨੰਬਰ 327 ਦਰਜ ਹੈ | ਇਸ ਦੌਰਾਨ 2 ਅਣਪਛਾਤੇ ਵਿਅਕਤੀ ਟਰੈਕਟਰ ਅੱਗੇ ਆ ਕੇ ਖੜ੍ਹ ਗਏ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜ਼ਮੀਨ ਵਿਚ ਨਰਮਾ ਨਹੀਂ ਬੀਜਣ ਦਿੱਤਾ | ਉਕਤ ਵਿਅਕਤੀਆਂ ਨੇ ਕੁੱਟਮਾਰ ਕੀਤੀ, ਟਰੈਕਟਰ ਦੀ ਭੰਨਤੋੜ ਕੀਤੀ ਅਤੇ ਮਸ਼ੀਨ ਵਿਚੋਂ ਨਰਮਾ ਬਿਜਾਈ ਦੇ ਬੀਜ ਦੇ 12 ਪੈਕਟ ਗ਼ਾਇਬ ਕਰ ਦਿੱਤੇ | ਸ਼ਿਕਾਇਤ ਦੇ ਆਧਾਰ 'ਤੇ ਪਿ੍ਯੰਕਾ ਪਤਨੀ ਨਰਿੰਦਰ ਕੁਮਾਰ ਵਾਸੀ ਪਿੰਡ ਖੁੱਬਣ, ਆਨੰਤ ਕੁਮਾਰ ਅਤੇ ਸੁਭਾਸ਼ ਚੰਦਰ ਪੁੱਤਰਾਨ ਮੰਗਤ ਰਾਮ ਵਾਸੀਆਨ ਪਿੰਡ ਸੁਖਚੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |