ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ)-ਥਾਣਾ ਖੂਈਆਂ ਸਰਵਰ ਪੁਲਿਸ ਨੇ ਡੋਡਾ ਚੂਰਾ ਪੋਸਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨਾਕਾ ਗੁੰਮਜਾਲ ਬੈਰੀਅਰ ਕੋਲ ਮੌਜੂਦ ਸੀ ਤਾਂ ਸਾਹਮਣੇ ਤੋਂ ਸ਼੍ਰੀ ਗੰਗਾਨਗਰ ਰਾਜਸਥਾਨ ਦੀ ਤਰਫ਼ੋਂ 3 ਨੌਜਵਾਨ ਆਪਣੇ ਮੋਢਿਆਂ ਉੱਪਰ ਪਲਾਸਟਿਕ ਦੇ ਗੱਟੇ ਵਿਚ ਕੁੱਝ ਪਾ ਕੇ ਚੁੱਕੀ ਆਉਂਦੇ ਦਿਖਾਈ ਦਿੱਤੇ | ਤਲਾਸ਼ੀ ਕਰਨ 'ਤੇ ਅਰਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਅਲਿਆਣਾ, ਲਵਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਵਾਰਡ ਨੰਬਰ 3 ਅਜੀਤ ਨਗਰ ਅਬੋਹਰ ਅਤੇ ਸੁਨੀਲ ਪੁੱਤਰ ਮੰਗਤ ਸਿੰਘ ਵਾਸੀ ਵਾਰਡ ਨੰਬਰ 3 ਅਜੀਤ ਨਗਰ ਅਬੋਹਰ ਕੋਲੋਂ 22 ਕਿੱਲੋਗਰਾਮ ਡੋਡਾ ਚੂਰਾ ਪੋਸਤ ਬਰਾਮਦ ਹੋਇਆ | ਜਿਸ 'ਤੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |