ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਨਗਰ ਪੰਚਾਇਤ ਅਰਨੀਵਾਲਾ ਦੀਆਂ ਚੋਣਾਂ ਵਿਚ 11 ਵਾਰਡਾਂ ਵਿਚੋਂ 6 ਵਾਰਡਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਅਰਨੀਵਾਲਾ ਸ਼ੇਖ਼ ਸੁਭਾਨ ਦੇ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 3 ਤੋਂ ਕੇਵਲ ਕਿ੍ਸ਼ਨ ਕੰਬੋਜ, ਵਾਰਡ ਨੰਬਰ 8 ਤੋਂ ਹਰਭਜਨ ਦਾਸ, ਵਾਰਡ ਨੰਬਰ 9 ਤੋਂ ਮੋਨੂੰ ਕੱਕੜ, ਵਾਰਡ ਨੰਬਰ 10 ਤੋਂ ਸ਼ਿਵ ਕੁਮਾਰ ਅਤੇ ਵਾਰਡ ਨੰਬਰ 11 ਤੋਂ ਕੁਲਵੰਤ ਕੌਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਇਸ ਜਿੱਤ ਨੂੰ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਇਲਾਕਾ ਨਿਵਾਸੀਆਂ ਦੇ ਭਰੋਸੇ ਦੀ ਜਿੱਤ ਦੱਸਿਆ | ਉਨ੍ਹਾਂ ਕਿਹਾ ਕਿ ਅਰਨੀਵਾਲਾ ਵਾਸੀਆਂ ਨੇ ਜਿਸ ਉਮੀਦ ਅਤੇ ਵਿਸ਼ਵਾਸ ਨਾਲ ਇਨ੍ਹਾਂ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ, ਉਨ੍ਹਾਂ ਦੀ ਹਰ ਆਸ ਨੂੰ ਪੂਰਾ ਕੀਤਾ ਜਾਵੇਗਾ | ਹੁਣ ਸ਼ਹਿਰ ਅੰਦਰ ਕੋਈ ਵੀ ਵਾਰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹੇਗਾ ਅਤੇ ਅਰਨੀਵਾਲਾ ਦਾ ਵਿਕਾਸ ਹੋਰ ਦੁੱਗਣੀ ਰਫ਼ਤਾਰ ਨਾਲ ਕਰਵਾਇਆ ਜਾਵੇਗਾ | ਵਿਧਾਇਕ ਗੋਲਡੀ ਕੰਬੋਜ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੀ ਬਿਹਤਰੀ ਅਤੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ | ਇਸੇ ਤਹਿਤ ਹੀ ਸੂਬੇ ਭਰ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਦਿਨ-ਰਾਤ ਜਨਤਾ ਦੀ ਸੇਵਾ ਵਿਚ ਹਾਜ਼ਰ ਰਹਿਣ |