ਅਬੋਹਰ, 30 ਮਈ (ਵਿਵੇਕ ਹੂੜੀਆ)-ਸਥਾਨਕ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਅਤੇ ਸਿਆਸੀ ਘਟਨਾਕ੍ਰਮ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਬੋਹਰ ਦੀ ਜਨਤਾ ਨੇ ਵਿਕਾਸ ਅਤੇ ਸੁਸ਼ਾਸਨ ਦੇ ਨਾਂ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ | ਸ਼ਹਿਰ ਦੇ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਸਥਾਨਕ ਵਿਧਾਇਕ ਸੰਦੀਪ ਜਾਖੜ ਦੀ ਜਨ ਹਿਤੈਸ਼ੀ ਕਾਰਜਸ਼ੈਲੀ 'ਤੇ ਗਹਿਰਾ ਵਿਸ਼ਵਾਸ ਪ੍ਰਗਟ ਕੀਤਾ ਹੈ | ਇਸ ਇਤਿਹਾਸਕ ਜਿੱਤ ਦੇ ਨਾਲ ਹੁਣ ਅਬੋਹਰ ਨਗਰ ਨਿਗਮ ਵਿਚ ਭਾਰੀ ਬਹੁਮਤ ਨਾਲ ਭਾਜਪਾ ਦਾ ਬੋਰਡ ਬਣਨਾ ਤੈਅ ਹੋ ਗਿਆ ਹੈ | ਚੋਣ ਪ੍ਰਚਾਰ ਦੌਰਾਨ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਭਾਜਪਾ ਨੇ ਸ਼ਹਿਰ ਦੇ ਸਾਰੇ 50 ਵਾਰਡਾਂ ਵਿਚ ਮਜ਼ਬੂਤ ਉਮੀਦਵਾਰ ਮੈਦਾਨ 'ਚ ਉਤਾਰੇ ਸਨ | ਜਨਤਾ ਦੇ ਵਿਚਕਾਰ ਜਾ ਕੇ ਵਿਧਾਇਕ ਜਾਖੜ ਨੇ ਹਮੇਸ਼ਾ ਆਪਣੀ ਆਭਾ, ਆਪਣਾ ਅਬੋਹਰ ਵਰਗੀਆਂ ਮੁਹਿੰਮਾਂ ਤਹਿਤ ਸਫ਼ਾਈ, ਸੁੰਦਰੀਕਰਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਵਾਅਦਾ ਕੀਤਾ ਸੀ | ਵੋਟਰਾਂ ਨੇ ਵਿਰੋਧੀ ਪਾਰਟੀਆਂ ਦੇ ਲੋਕਲੁਭਾਵਨੇ ਦਾਅਵਿਆਂ ਨੂੰ ਦਰਕਿਨਾਰ ਕਰਦਿਆਂ ਧਰਾਤਲ 'ਤੇ ਹੋਏ ਵਿਕਾਸ ਕਾਰਜਾਂ ਨੂੰ ਚੁਣਿਆ ਹੈ | ਜਿੱਤ ਦੀ ਇਸ ਇਤਿਹਾਸਕ ਲਹਿਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਦੀ ਜਨਤਾ ਦਾ ਤਹਿ ਦਿਲੋਂ ਆਭਾਰ ਜਤਾਇਆ | ਉਨ੍ਹਾਂ ਕਿਹਾ ਕਿ ਇਹ ਜਿੱਤ ਅਬੋਹਰ ਦੇ ਪ੍ਰਤੀਕ ਨਾਗਰਿਕ ਦੀ ਜਿੱਤ ਹੈ | ਉਨ੍ਹਾਂ ਨੇ ਭਾਜਪਾ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਜ਼ਬੂਤ ਮਾਰਗਦਰਸ਼ਨ ਅਤੇ ਨੀਤੀਆਂ ਸਦਕਾ ਹੀ ਅੱਜ ਨਿਗਮ ਵਿਚ ਭਾਜਪਾ ਦਾ ਬੋਰਡ ਬਣਨ ਜਾ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੰਮੇ ਸਿਆਸੀ ਤਜਰਬੇ, ਵਿਜ਼ਨ ਅਤੇ ਕੁਸ਼ਲ ਲੀਡਰਸ਼ਿਪ ਨੇ ਵਰਕਰਾਂ ਵਿਚ ਨਵੀਂ ਊਰਜਾ ਫੂਕੀ ਹੈ | ਜਨਤਾ ਨੇ ਜਿਸ ਉਮੀਦ ਨਾਲ ਭਾਜਪਾ 'ਤੇ ਭਰੋਸਾ ਜਤਾਇਆ ਹੈ, ਅਸੀਂ ਸਾਰੇ ਮਿਲ ਕੇ ਅਬੋਹਰ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਵਾਂਗੇ |