ਅਬੋਹਰ, 31 ਮਈ (ਤੇਜਿੰਦਰ ਸਿੰਘ ਖ਼ਾਲਸਾ) ਮਾਨਵਤਾ ਦੀ ਸੇਵਾ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਪਿੰਡ ਖੂਈ ਖੇੜਾ ਰੁਕਨਪੁਰਾ ਵਿਖੇ ਇਕ ਬੇਸਹਾਰਾ ਅਤੇ ਲੋੜਵੰਦ ਪਰਿਵਾਰ ਲਈ ਨਵੇਂ ਮਕਾਨ ਦੀ ਉਸਾਰੀ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਦੇ ਵਿਸ਼ੇਸ਼ ਅਤੇ ਵਡਮੁੱਲੇ ਸਹਿਯੋਗ ਸਦਕਾ ਇਸ ਪੀੜਤ ਪਰਿਵਾਰ ਦੇ ਨਵੇਂ ਮਕਾਨ ਦਾ ਨੀਂਹ ਪੱਥਰ ਰੱਖਿਆ ਗਿਆ | ਟਰੱਸਟ ਦੇ ਇਸ ਉਪਰਾਲੇ ਸਦਕਾ ਜਲਦ ਹੀ ਇਸ ਪਰਿਵਾਰ ਨੂੰ ਆਪਣੀ ਪੱਕੀ ਛੱਤ ਨਸੀਬ ਹੋਵੇਗੀ, ਜਿਸ ਦੀ ਇਲਾਕਾ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਵਲੋਂ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਮਕਾਨ ਵਾਸਤੇ ਜਗ੍ਹਾ ਦੇ ਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ | ਟਰੱਸਟ ਆਗੂ ਮਹਿੰਦਰ ਸਰਸਵਾ ਨੇ ਕਿਹਾ ਕਿ ਅਜਿਹੇ ਪ੍ਰਸ਼ਾਸਨਿਕ ਅਤੇ ਪੰਚਾਇਤੀ ਸਹਿਯੋਗ ਸਦਕਾ ਹੀ ਸਮਾਜ ਦੇ ਅਖੀਰਲੇ ਪਾਏਦਾਨ 'ਤੇ ਖੜ੍ਹੇ ਲੋੜਵੰਦਾਂ ਦੀ ਮਦਦ ਕਰਨਾ ਸੰਭਵ ਹੁੰਦਾ ਹੈ | ਮਕਾਨ ਦੀ ਉਸਾਰੀ ਸ਼ੁਰੂ ਹੋਣ ਅਤੇ ਨੀਂਹ ਪੱਥਰ ਰੱਖੇ ਜਾਣ ਦੇ ਮੌਕੇ ਪੀੜਤ ਪਰਿਵਾਰ ਨੇ ਭਾਵੁਕ ਹੁੰਦਿਆਂ ਸਰਬੱਤ ਦਾ ਭਲਾ ਟਰੱਸਟ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਕੁਮਾਰ ਸਰਸਵਾ ਜ਼ਿਲ੍ਹਾ ਪ੍ਰਧਾਨ, ਸਰਬਜੀਤ ਸਿੰਘ ਕੈਸ਼ੀਅਰ, ਬਲਕਰਨ ਸਿੰਘ, ਲਾਲ ਚੰਦ ਸੈਂਯਦਾਵਾਲੀ, ਗੁਰਦੇਵ ਸਿੰਘ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ, ਅਜੀਤ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਰਣਜੀਤ ਸਿੰਘ ਮੈਂਬਰ ਪੰਚਾਇਤ, ਗੁਰਸੇਵਕ ਸਿੰਘ ਪ੍ਰਧਾਨ ਮਨਰੇਗਾ, ਪਵਨ ਕੁਮਾਰ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |