ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਜਨ ਸੇਵਾ ਸੁਸਾਇਟੀ ਵਲੋਂ ਅੱਤ ਦੀ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੇ ਗਏ 'ਸੀਤਲ ਜਲ ਵਾਹਨ' ਨੂੰ ਦਾਨੀ ਸੱਜਣਾਂ ਅਤੇ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਆਏ ਦਿਨ ਲੋਕ ਆਪਣੇ ਪਰਿਵਾਰਕ ਜਾਂ ਹੋਰ ਕਿਸੇ ਵਿਸ਼ੇਸ਼ ਮੌਕੇ 'ਤੇ ਜਲ ਸੇਵਾ ਕਰਵਾ ਕੇ ਪੁੰਨ ਕਮਾ ਰਹੇ ਹਨ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਇੰਚਾਰਜ ਰਾਕੇਸ਼ ਗਿਲਹੋਤਰਾ ਅਤੇ ਸਕੱਤਰ ਆਕਾਸ਼ ਡੋਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਤ ਦੀ ਗਰਮੀ ਨੂੰ ਦੇਖਦੇ ਹੋਏ 3 ਸਾਲ ਪਹਿਲਾਂ ਇਸ ਨਿਵੇਕਲੀ ਜਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਅੱਜ ਆਮ ਲੋਕਾਂ ਅਤੇ ਰਾਹਗੀਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਸੁਸਾਇਟੀ ਆਗੂਆਂ ਨੇ ਦੱਸਿਆ ਕਿ ਸੀਤਲ ਜਲ ਵਾਹਨ ਦੀ ਸੇਵਾ ਹਰ ਰੋਜ਼ ਸਥਾਨਕ ਸਰਕਾਰੀ ਹਸਪਤਾਲ ਤੋਂ ਸ਼ੁਰੂ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਕੋਈ ਪੁਖ਼ਤਾ ਵਿਵਸਥਾ ਨਹੀਂ ਹੈ | ਸੁਸਾਇਟੀ ਵਲੋਂ ਰਾਹਗੀਰਾਂ ਨੂੰ ਡਬਲ ਫ਼ਿਲਟਰ ਕੀਤਾ ਹੋਇਆ ਬਿਲਕੁਲ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਹਸਪਤਾਲ ਤੋਂ ਬਾਅਦ ਇਹ ਵਾਹਨ ਸ਼ਹਿਰ ਦੇ ਮੁੱਖ ਹਿੱਸਿਆਂ ਜਿਵੇਂ ਕਿ ਕਚਹਿਰੀ ਰੋਡ, ਸਬਜ਼ੀ ਮੰਡੀ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਇਲਾਕਿਆਂ ਨੂੰ ਕਵਰ ਕਰਦਾ ਹੈ, ਤਾਂ ਜੋ ਕੋਈ ਵੀ ਆਮ ਨਾਗਰਿਕ ਇਸ ਭਿਆਨਕ ਗਰਮੀ ਵਿਚ ਪਿਆਸਾ ਨਾ ਰਹੇ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਇਸ ਸਾਲ ਗਰਮੀ ਦਾ ਪ੍ਰਕੋਪ ਸਮੇਂ ਤੋਂ ਪਹਿਲਾਂ ਵਧਣ ਕਾਰਨ ਸੁਸਾਇਟੀ ਵੱਲੋਂ 22 ਅਪ੍ਰੈਲ ਨੂੰ ਹੀ ਜਲ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਤੋਂ 31 ਮਈ ਤੱਕ ਹੁਣ ਤੱਕ ਕੁੱਲ 46 ਜਲ ਸੇਵਾਵਾਂ ਦਾਨੀ ਸੱਜਣਾਂ ਵਲੋਂ ਬੁੱਕ ਕਰਵਾਈਆਂ ਜਾ ਚੁੱਕੀਆਂ ਹਨ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਸੁਸਾਇਟੀ ਮੈਂਬਰਾਂ ਅਤੇ ਪਤਵੰਤਿਆਂ ਜਿਵੇਂ ਕਿ ਅਜੈ ਧੀਂਗੜਾ, ਸੰਦੀਪ ਕਟਾਰੀਆ, ਵਿਕਾਸ ਕਟਾਰੀਆ, ਅਜੈ ਸਿੰਘ, ਆਸ਼ੂ ਗੁੰਬਰ ਅਤੇ ਸ਼ਹਿਰ ਨਿਵਾਸੀ ਅਸਚਰਜ ਲਾਲ ਸਚਦੇਵਾ, ਰਾਜਕੁਮਾਰ ਕਟਾਰੀਆ, ਭੋਲਾ ਸ਼ੰਕਰ, ਜਗਦੀਸ਼ ਕਟਾਰੀਆ ਅਤੇ ਸੰਦੀਪ ਜਾਖੜ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋ ਤੋਂ ਵੱਧ ਵਾਰ ਜਲ ਸੇਵਾ ਲਗਵਾ ਕੇ ਇਸ ਮਾਨਵਤਾ ਦੇ ਕਾਰਜ ਵਿਚ ਹਿੱਸਾ ਪਾਇਆ ਹੈ | ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਸ਼ਹਿਰ ਹੀ ਨਹੀਂ, ਸਗੋਂ ਸ਼ਹਿਰ ਤੋਂ ਬਾਹਰ ਰਹਿਣ ਵਾਲੇ ਪ੍ਰਵਾਸੀ ਅਤੇ ਦਾਨੀ ਸੱਜਣ ਵੀ ਇਸ ਮੁਹਿੰਮ ਨਾਲ ਲਗਾਤਾਰ ਜੁੜ ਰਹੇ ਹਨ |