ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਸੋਨੇ ਦੀ ਚੇਨ ਖੋਹਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਸਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿੰਦਰ ਪ੍ਰਤਾਪ ਪੁੱਤਰ ਭਾਗ ਸਿੰਘ ਵਾਸੀ ਗਲੀ ਨੰਬਰ 11 ਲਾਸਟ ਚੌਕ ਸਰਕੁਲਰ ਰੋਡ ਅਬੋਹਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬੇਟਾ ਮਿਲ਼ਨ ਹੋਟਲ ਤੋਂ ਰੋਟੀ ਲੈਣ ਗਿਆ ਸੀ | ਕਰੀਬ 10.20 ਪੀ.ਐਮ.'ਤੇ ਉਸ ਦੀ ਨੂੰਹ ਦਾ ਫ਼ੋਨ ਆਇਆ ਕਿ ਮਿਲ਼ਨ ਨੂੰ ਹੋਟਲ 'ਤੇ ਕੋਈ ਕੁੱਟ ਰਿਹਾ ਹੈ | ਜਦੋਂ ਉਹ ਹੈਪੀ ਸਿੰਘ ਦੇ ਹੋਟਲ ਆਭਾ ਸਕੁਐਰ ਪੁੱਜਿਆ ਤਾਂ ਦੇਖਿਆ ਕਿ ਦੀਪਕ ਜੱਗਾ ਪੁੱਤਰ ਸੁਖਚੈਨ ਜੱਗਾ ਵਾਸੀ ਜੰਮੂ ਬਸਤੀ ਗਲੀ ਨੰਬਰ 3 ਅਬੋਹਰ ਅਤੇ ਵਰੁਨ ਜੱਗਾ ਪੁੱਤਰ ਸੁਖਚੈਨ ਜੱਗਾ ਵਾਸੀ ਜੰਮੂ ਬਸਤੀ ਅਬੋਹਰ ਉਸ ਦੇ ਲੜਕੇ ਨੂੰ ਮੋਟਰਸਾਈਕਲ 'ਤੇ ਬਿਠਾ ਰਹੇ ਸਨ | ਜਦੋਂ ਉਸ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਹੱਥੋਪਾਈ ਕੀਤੀ ਅਤੇ ਇੱਟਾਂ ਦਾ ਵਾਰ ਕੀਤਾ | ਹੱਥੋਪਾਈ ਦੌਰਾਨ ਉਕਤ ਵਿਅਕਤੀਆਂ ਵਲੋਂ ਉਸ ਦੀ ਸੋਨੇ ਦੀ ਚੈਨ ਵੀ ਕੋਲੋਂ ਖੋਹ ਲਈ ਗਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |