ਫ਼ਾਜ਼ਿਲਕਾ, 11 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਆਊਟ ਸੋਰਸ ਯੂਨੀਅਨ ਵਲੋਂ ਜ਼ਿਲ੍ਹੇ ਦੇ ਅਧੀਨ ਆਉਂਦੇ ਓਟ ਸੈਂਟਰਾਂ, ਰਿਹੈਬ ਸੈਂਟਰਾਂ ਅਤੇ ਨਸ਼ਾ ਛਡਾਊ ਕੇਂਦਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਡਾ.ਕਵਿਤਾ ਸਿੰਘ, ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਫ਼ਾਜ਼ਿਲਕਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ 'ਚ ਆਊਟ ਸੋਰਸ ਕਰਮਚਾਰੀਆਂ ਨੂੰ ਸਬੰਧਿਤ ਵਿਭਾਗਾਂ ਦੇ ਅਧੀਨ ਕਰਨਾ, 'ਸਮਾਨ ਕੰਮ-ਸਮਾਨ ਤਨਖ਼ਾਹ' ਦਾ ਨਿਯਮ ਲਾਗੂ ਕਰਨਾ, ਨਵੰਬਰ 2018 ਦੇ ਪੱਤਰ ਅਨੁਸਾਰ ਹਰ ਸਾਲ 6 ਫ਼ੀਸਦੀ ਸਾਲਾਨਾ ਇੰਕਰੀਮੈਂਟ ਦੇਣਾ ਅਤੇ ਬੰਦ ਕੀਤਾ ਗਿਆ ਬੋਨਸ ਦੁਬਾਰਾ ਬਹਾਲ ਕਰਨਾ ਸ਼ਾਮਲ ਹੈ | ਜ਼ਿਲ੍ਹਾ ਯੂਨੀਅਨ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਕੁੱਝ ਦਿਨਾਂ ਵਿਚ ਉਨ੍ਹਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਅਤੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਸਟੇਟ ਪੱਧਰ 'ਤੇ ਇਕ ਵੱਡਾ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੰਗ ਪੱਤਰ ਸੌਂਪਣ ਦੇ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਚੌਹਾਨ, ਉਪ-ਪ੍ਰਧਾਨ ਕਰਮਜੀਤ ਕੌਰ, ਜਨਰਲ ਸਕੱਤਰ ਨਿਸ਼ਾਨ ਸਿੰਘ, ਕੈਸ਼ੀਅਰ ਨਗ਼ਮਾ ਮੈਡਮ, ਐਡਵਾਈਜ਼ਰ ਨਵਜੋਤ ਸਿੰਘ, ਸਕੱਤਰ ਤਰਨਜੋਤ ਕੌਰ ਅਤੇ ਜ਼ਿਲ੍ਹੇ ਦਾ ਸਮੂਹ ਸਟਾਫ਼ ਵਿਸ਼ੇਸ਼ ਤੌਰ 'ਤੇ ਮੌਜੂਦ ਸੀ |