ਅਬੋਹਰ, 11 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਵਾਰਡ ਨੰਬਰ 32 ਦੇ ਨਿਵਾਸੀਆਂ ਨੇ ਪਿਛਲੇ 12 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਜ਼ੋਰਦਾਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ | ਇਸ ਮੌਕੇ ਸਮਾਜ ਸੇਵੀ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਮਹਿਲਾਵਾਂ ਅਤੇ ਵਾਰਡ ਵਾਸੀ ਹਾਜ਼ਰ ਹੋਏ | ਧਰਨੇ 'ਤੇ ਮੌਜੂਦ ਰਾਜੇਸ਼ ਗੁਪਤਾ, ਪੁਸ਼ਪਾ ਦੇਵੀ, ਅਮਿੱਤ ਕੁਮਾਰ, ਭਾਰਤੀ, ਕਿ੍ਸ਼ਨਾ, ਪਾਰਵਤੀ, ਮਧੂ, ਕਿ੍ਸ਼ਨਾ ਅਤੇ ਪ੍ਰੇਮਲਤਾ ਨੇ ਦੱਸਿਆ ਕਿ ਉਹ ਸਾਰੇ ਗਲੀ ਨੰਬਰ 3-4 ਕਿਲਕਾਰੀ ਸਕੂਲ ਦੇ ਨੇੜੇ ਰਹਿੰਦੇ ਹਨ | ਉਨ੍ਹਾਂ ਦੇ ਘਰਾਂ ਨੂੰ ਬਿਜਲੀ ਦੀ ਸਪਲਾਈ ਗਲੀ ਨੰਬਰ 4 ਸ਼ਨੀ ਦੇਵ ਮੰਦਿਰ ਦੇ ਕੋਲ ਲੱਗੇ ਬਿਜਲੀ ਟਰਾਂਸਫ਼ਾਰਮਰ ਤੋਂ ਆਉਂਦੀ ਹੈ | ਇਸ ਟਰਾਂਸਫ਼ਾਰਮਰ 'ਤੇ ਕੁਨੈਕਸ਼ਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਲੋਡ ਬਹੁਤ ਵਧ ਚੁੱਕਾ ਹੈ, ਜਿਸ ਕਰਕੇ ਇਹ ਅਕਸਰ ਓਵਰਲੋਡ ਰਹਿੰਦਾ ਹੈ | ਓਵਰਲੋਡ ਹੋਣ ਕਾਰਨ ਵਾਰ-ਵਾਰ ਇਸ ਦੇ ਫ਼ਿਊਜ਼ ਉੱਡ ਜਾਂਦੇ ਹਨ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ | ਵਾਰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਸੁਚਾਰੂ ਨਾ ਹੋਣ ਕਾਰਨ ਉਨ੍ਹਾਂ ਦੇ ਘਰਾਂ ਵਿਚ ਲੱਗੇ ਬਿਜਲੀ ਦੇ ਉਪਕਰਨ ਵੀ ਨਹੀਂ ਚੱਲ ਪਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਇਸ ਭਿਆਨਕ ਗਰਮੀ ਵਿਚ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ | ਬੀਤੀ ਰਾਤ 11 ਵਜੇ ਤੋਂ ਬਿਜਲੀ ਸਪਲਾਈ ਬੰਦ ਹੋ ਗਈ ਸੀ, ਜੋ ਅੱਜ ਦੁਪਹਿਰ 12 ਵਜੇ ਤੱਕ ਵੀ ਬਹਾਲ ਨਹੀਂ ਹੋ ਸਕੀ | ਲੋਕਾਂ ਨੂੰ ਪੂਰੀ ਰਾਤ ਅਤੇ ਅੱਧਾ ਦਿਨ ਭਿਆਨਕ ਗਰਮੀ ਵਿਚ ਗੁਜ਼ਾਰਨਾ ਪਿਆ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਹਾਲਤ ਸਭ ਤੋਂ ਵੱਧ ਖ਼ਰਾਬ ਹੋਈ | ਉਨ੍ਹਾਂ ਮੰਗ ਕੀਤੀ ਕਿ ਵਾਰਡ ਵਿਚ ਵੱਡੀ ਸਮਰੱਥਾ ਦਾ ਇਕ ਨਵਾਂ ਟਰਾਂਸਫ਼ਾਰਮਰ ਲਗਾਇਆ ਜਾਵੇ ਤਾਂ ਜੋ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਸਕੇ | ਸਮਾਜ ਸੇਵੀ ਰਾਜੇਸ਼ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ, ਜਿਨ੍ਹਾਂ ਨੇ ਕੁੱਝ ਹੀ ਘੰਟਿਆਂ ਵਿਚ ਬਿਜਲੀ ਸਪਲਾਈ ਸੁਚਾਰੂ ਕਰਨ ਦਾ ਭਰੋਸਾ ਦਿੱਤਾ ਹੈ |