ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)-ਸਰਹੱਦੀ ਪਿੰਡਾਂ ਦੇ ਕਿਸਾਨਾਂ ਵਲੋਂ ਡਿਫੈਂਸ ਬੰਨ੍ਹ ਦੇ ਕੀਤੇ ਜਾ ਰਹੇ ਵਿਰੋਧ ਦੇ ਹੱਕ ਵਿਚ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਡੈਮ ਦਾ ਕੰਮ ਰੁਕਵਾਉਣ ਲਈ ਆਵਾਜ਼ ਬੁਲੰਦ ਕਰ ਦਿੱਤੀ ਹੈ | ਫ਼ਾਜ਼ਿਲਕਾ ਦੇ ਪਿੰਡ ਨੂਰਸ਼ਾਹ ਦੇ ਗੁਰਦੁਆਰਾ ਚੜ੍ਹਦੀ ਕਲਾ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਵਿਧਾਇਕ ਸਵਨਾ ਨੇ ਪਿੰਡ ਵਾਸੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਡੈਮ ਦੇ ਨਿਰਮਾਣ ਨੂੰ ਰੁਕਵਾਉਣ ਲਈ ਕਿਸਾਨਾਂ ਦੇ ਨਾਲ ਮਿਲ ਕੇ ਹਰ ਸੰਭਵ ਯਤਨ ਕਰਨਗੇ | ਜ਼ਿਕਰਯੋਗ ਹੈ ਕਿ ਸਰਹੱਦੀ ਪਿੰਡਾਂ ਦੀਆਂ ਜ਼ਮੀਨਾਂ 'ਤੇ ਬਣ ਰਹੇ ਇਸ ਡਿਫੈਂਸ ਡੈਮ ਨੂੰ ਰੁਕਵਾਉਣ ਲਈ ਪਿੰਡ ਵਾਸੀਆਂ ਵਲੋਂ ਨੂਰਸ਼ਾਹ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ | ਕਿਸਾਨਾਂ ਦੇ ਹੱਕ ਵਿਚ ਡਟਦਿਆਂ ਵਿਧਾਇਕ ਸਵਨਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਡੈਮ ਨਾਲ ਫ਼ਾਇਦੇ ਦੀ ਬਜਾਏ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੋਵੇ, ਉਹ ਬਿਲਕੁਲ ਨਹੀਂ ਬਣਨਾ ਚਾਹੀਦਾ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਡੈਮ ਬਣਾ ਰਹੀ ਅਥਾਰਿਟੀ ਦੇ ਅਧਿਕਾਰੀਆਂ ਅਤੇ ਸਬੰਧਿਤ ਮੰਤਰਾਲੇ ਦੇ ਮੰਤਰੀ ਨਾਲ ਮੁਲਾਕਾਤ ਕਰਕੇ ਪਿੰਡ ਵਾਸੀਆਂ ਦੀ ਆਵਾਜ਼ ਉੱਚ ਪੱਧਰ 'ਤੇ ਉਠਾਉਣਗੇ ਅਤੇ ਇਸ ਡੈਮ ਨੂੰ ਹਰ ਹਾਲ ਵਿਚ ਬਣਨੋਂ ਰੁਕਵਾਉਣਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ, ਕਿਸਾਨ ਆਗੂ ਹਰੀਸ਼ ਨੱਢਾ, ਕਿਸਾਨ ਯੂਨੀਅਨ ਦੇ ਹੋਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |