ਫ਼ਾਜ਼ਿਲਕਾ, 30 ਜੂਨ (ਦਵਿੰਦਰ ਪਾਲ ਸਿੰਘ)–ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐੱਸ.ਐੱਸ.ਗੋਸਲ ਅਤੇ ਪ੍ਰਸਾਰ ਨਿਰਦੇਸ਼ਕ ਡਾ.ਐਮ.ਐੱਸ.ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਏ.ਯੂ.ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਦੀ ਰਿਪੋਰਟ ਦੇ ਆਧਾਰ ’ਤੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਗਿਆਨੀਆਂ ਅਨੁਸਾਰ ਬਹੁਤੇ ਖੇਤਾਂ ਵਿਚ ਨਰਮੇ ਦੀ ਫ਼ਸਲ ਦੀ ਬਣਤਰ ਕਾਫ਼ੀ ਵਧੀਆ ਨਜ਼ਰ ਆ ਰਹੀ ਹੈ। ਫ਼ਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਤਾਂ ਵਿਚ ਨਰਮੇ ਦੀ ਫ਼ਸਲ 30-35 ਦਿਨਾਂ ਦੀ ਹੋ ਚੁੱਕੀ ਹੈ, ਉੱਥੇ ਕਿਸਾਨਾਂ ਨੂੰ ਪਹਿਲਾ ਪਾਣੀ ਲਗਾ ਕੇ ਯੂਰੀਆ ਦੀ ਪਹਿਲੀ ਕਿਸ਼ਤ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਖੇਤਾਂ ਵਿਚ ਪਾਣੀ ਦੀ ਘਾਟ ਕਾਰਨ ਫ਼ਸਲ ਸਮੇਂ ਤੋਂ ਪਹਿਲਾਂ ਫੁੱਲਾਂ ’ਤੇ ਆ ਗਈ ਹੈ, ਅਜਿਹੇ ਖੇਤਾਂ ਵਿਚ ਤੁਰੰਤ ਪਾਣੀ ਲਗਾਇਆ ਜਾਵੇ ਅਤੇ ਫ਼ਸਲ ਦੇ ਸਹੀ ਵਾਧੇ ਲਈ ਯੂਰੀਆ ਦੀ ਵਰਤੋਂ ਕੀਤੀ ਜਾਵੇ। ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਦੇ ਮੁਖੀ ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਸਰਵੇਖਣ ਦੌਰਾਨ ਇੱਕਾ-ਦੁੱਕਾ ਖੇਤਾਂ ਵਿਚ ਨਰਮੇ ਦੇ ਫੁੱਲਾਂ ਉੱਪਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਖੇਤਾਂ ਵਿਚ ਫੁੱਲਾਂ ’ਤੇ ਆਈ ਫ਼ਸਲ ਗੁਲਾਬੀ ਸੁੰਡੀ ਤੋਂ ਮੁਕਤ ਹੈ। ਉਨ੍ਹਾਂ ਕਿਸਾਨਾਂ ਨੂੰ ਸਿਫ਼ਾਰਿਸ਼ ਕੀਤੀ ਕਿ ਗੁਲਾਬੀ ਸੁੰਡੀ ਦੀ ਆਮਦ ਅਤੇ ਹਮਲੇ ਦਾ ਸਮੇਂ ਸਿਰ ਪਤਾ ਲਗਾਉਣ ਲਈ ਖੇਤਾਂ ਵਿਚ ਫ਼ੀਰੋਮੈਨ ਟਰੈਪ ਜ਼ਰੂਰ ਲਗਾਏ ਜਾਣ। ਇਸ ਤੋਂ ਇਲਾਵਾ ਨਰਮੇ ’ਤੇ ਚਿੱਟੇ ਮੱਛਰ ਦਾ ਹਮਲਾ ਵੀ ਦੇਖਿਆ ਗਿਆ ਹੈ, ਪਰ ਇਹ ਅਜੇ ਆਰਥਿਕ ਕਗਾਰ ਤੋਂ ਹੇਠਾਂ ਹੈ। ਸ਼ੁਰੂਆਤੀ ਅਵਸਥਾ ਵਿਚ ਚਿੱਟੇ ਮੱਛਰ ਦੇ ਰੋਕਥਾਮ ਲਈ ਨੀਮ ਆਧਾਰਿਤ ਕੀਟਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ। ਆਉਣ ਵਾਲੇ ਮਹੀਨੇ ਦੌਰਾਨ ਫ਼ਸਲ ਨੂੰ ਇਨ੍ਹਾਂ ਦੋਵਾਂ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਖੇਤਾਂ ਦੀ ਲਗਾਤਾਰ ਨਿਗਰਾਨੀ ਬਹੁਤ ਜ਼ਰੂਰੀ ਹੈ।