ਤਲਵੰਡੀ ਭਾਈ, 1 ਜੁਲਾਈ (ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਦੇ ਏ.ਐੱਸ.ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਹੈਰੋਇਨ ਵੇਚਣ ਦੇ ਆਦੀ ਹਨ। ਜੋ ਤਲਵੰਡੀ ਭਾਈ ਤੋਂ ਹਰਾਜ ਰੋਡ ’ਤੇ ਟਰੀਟਮੈਂਟ ਪਲਾਟ ਦੇ ਕੋਲ ਖੜ੍ਹੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜਿਨ੍ਹਾਂ ’ਤੇ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋ ਸਕਦੀ ਹੈ। ਪੁਲਿਸ ਵਲੋਂ ਕਾਰਵਾਈ ਕਰਦਿਆਂ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦੋਧੀਆਂ ਵਾਲੀ ਗਲੀ ਵਾਰਡ ਨੰਬਰ 10 ਤਲਵੰਡੀ ਭਾਈ ਅਤੇ ਅਰਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਰਮਿੱਤੀ ਰੋਡ ਵਾਰਡ ਨੰਬਰ 10 ਤਲਵੰਡੀ ਭਾਈ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਤਲਵੰਡੀ ਭਾਈ ਅੰਦਰ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।