ਫ਼ਾਜ਼ਿਲਕਾ, 1 ਜੁਲਾਈ (ਅਮਰਜੀਤ ਸ਼ਰਮਾ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਸੇਫ਼ ਸਕੂਲ ਵਾਹਨ ਪਾਲਿਸੀ’ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਤਹਿਸੀਲ ਕੰਪਲੈਕਸ ਅਬੋਹਰ ਵਿਖੇ ਇਕ ਅਹਿਮ ਤਹਿਸੀਲ ਪੱਧਰੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ ਕਿਰਪਾਲ ਵੀਰ ਸਿੰਘ ਨੇ ਕੀਤੀ। ਮੀਟਿੰਗ ’ਚ ਖੇਤਰ ਦੇ ਨਿੱਜੀ ਸਕੂਲਾਂ ਦੇ ਨੁਮਾਇੰਦਿਆਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਮਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਐੱਸ.ਡੀ.ਐਮ.ਕਿਰਪਾਲ ਵੀਰ ਸਿੰਘ ਨੇ ਸਪਸ਼ਟ ਹਦਾਇਤਾਂ ਦਿੱਤੀਆਂ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਦਿਆਰਥੀ ਬਿਨਾਂ ਵੈਧ ਡਰਾਈਵਿੰਗ ਲਾਇਸੈਂਸ ਦੇ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾ ਕੇ ਸਕੂਲ ਨਹੀਂ ਆਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਨਾਬਾਲਗ ਵਿਦਿਆਰਥੀ ਵਾਹਨ ਚਲਾਉਂਦਾ ਹੋਇਆ ਫੜਿਆ ਗਿਆ ਤਾਂ ਇਸ ਲਈ ਸੰਬੰਧਿਤ ਸਕੂਲ ਪ੍ਰਬੰਧਨ ਅਤੇ ਵਿਦਿਆਰਥੀ ਦੇ ਮਾਪੇ ਬਰਾਬਰ ਦੇ ਜ਼ਿੰਮੇਵਾਰ ਹੋਣਗੇ। ਸਕੂਲਾਂ ਨੂੰ ਅਜਿਹੇ ਵਿਦਿਆਰਥੀਆਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ। ਸਕੂਲੀ ਵਾਹਨਾਂ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਨੇ ਕਿਹਾ ਕਿ ਸਾਰੇ ਸਕੂਲ ਵਾਹਨਾਂ ਵਿਚ ਸਪੀਡ ਗਵਰਨਰ ਚਾਲੂ ਹਾਲਤ ਵਿਚ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਹਰ ਸਕੂਲੀ ਬੱਸ/ਵਾਹਨ ਵਿਚ ਮਹਿਲਾ ਅਟੈਂਡੈਂਟ, ਫ਼ਸਟ ਏਡ ਬਾਕਸ, ਅੱਗ ਬੁਝਾਊ ਯੰਤਰ ਅਤੇ ਸੀ.ਸੀ.ਟੀ.ਵੀ ਕੈਮਰੇ ਲਾਜ਼ਮੀ ਤੌਰ ’ਤੇ ਕਾਰਜਸ਼ੀਲ ਹੋਣੇ ਚਾਹੀਦੇ ਹਨ। ਉਨ੍ਹਾਂ ਟਰਾਂਸਪੋਰਟ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਪੁਲਿਸ ਤਸਦੀਕ ਅਤੇ ਮੈਡੀਕਲ ਜਾਂਚ ਸਮੇਂ-ਸਮੇਂ ’ਤੇ ਯਕੀਨੀ ਬਣਾਈ ਜਾਵੇ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਬੀ.ਐਨ.ਓ.ਧਰਮਪਾਲ ਜਾਲਪ ਅਤੇ ਬੀ.ਪੀ.ਈ.ਓ. ਭਾਲਾ ਰਾਮ ਨੇ ਵੀ ਸਕੂਲ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸਿੱਖਿਆ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਸਕੂਲਾਂ ਅਤੇ ਮੁੱਖ ਸੜਕਾਂ ’ਤੇ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਮੌਕੇ ’ਤੇ ਹੀ ਜ਼ਬਤ ਕੀਤਾ ਜਾਵੇਗਾ ਅਤੇ ਮਾਲਕਾਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਗੇ। ਮੀਟਿੰਗ ਦੌਰਾਨ ਪ੍ਰਸ਼ਾਸਨ ਵਲੋਂ ਹਰਦੀਪ ਕੌਰ, ਰਾਜਕੁਮਾਰ, ਪਵਨ ਕੁਮਾਰ, ਰਾਹੁਲ ਸਮੇਤ ਤਹਿਸੀਲ ਦਫ਼ਤਰ ਦਾ ਸਟਾਫ਼ ਅਤੇ ਅਬੋਹਰ ਖੇਤਰ ਦੇ ਵੱਖ-ਵੱਖ ਨਿੱਜੀ ਸਕੂਲਾਂ ਦੇ ਪ੍ਰਿੰਸੀਪਲ ਤੇ ਪ੍ਰਬੰਧਕ ਹਾਜ਼ਰ ਸਨ। ਅਖੀਰ ਵਿਚ ਸਮੂਹ ਸਕੂਲ ਨੁਮਾਇੰਦਿਆਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਉਹ ਸੇਫ਼ ਸਕੂਲ ਵਾਹਨ ਪਾਲਿਸੀ ਦੇ ਸਾਰੇ ਨਿਯਮਾਂ ਦੀ ਪਾਲਨਾ ਕਰਨਗੇ।