ਅਬੋਹਰ, 10 ਜੁਲਾਈ (ਵਿਵੇਕ ਹੂੜੀਆ)-ਸ਼ਹਿਰ ਦੀ ਲੱਕੜ ਮੰਡੀ ਮਾਰਕੀਟ ’ਚ ਬੀਤੀ ਰਾਤ ਚੋਰਾਂ ਨੇ ਇਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਚੋਰਾਂ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਚੋਰਾਂ ਦੇ ਹੱਥ ਕੋਈ ਬਹੁਤਾ ਵੱਡਾ ਸਾਮਾਨ ਨਹੀਂ ਲੱਗਿਆ, ਪਰ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਵਪਾਰੀਆਂ ’ਚ ਦਹਿਸ਼ਤ ਅਤੇ ਭਾਰੀ ਰੋਸ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਸਵੇਰੇ 112 ਪੁਲਿਸ ਹੈਲਪ ਲਾਈਨ ’ਤੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ‘ਏਸ਼ੀਅਨ ਕਲੀਨੀਕਲ ਲੈਬਾਰਟਰੀ’ ਦੇ ਸੰਚਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਨੂੰ ਆਪਣੀ ਲੈਬ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਉਹ ਸਵੇਰੇ ਕਰੀਬ ਪੌਣੇ ਸੱਤ ਵਜੇ ਲੈਬ ਪਹੁੰਚੇ ਤਾਂ ਸ਼ਟਰ ਅਤੇ ਸ਼ੀਸ਼ੇ ਦਾ ਮੁੱਖ ਗੇਟ ਟੁੱਟਿਆ ਹੋਇਆ ਸੀ। ਅੰਦਰ ਮਾਚਸ ਦੀਆਂ ਜਲੀਆਂ ਹੋਈਆਂ ਤੀਲ੍ਹੀਆਂ ਖਿੱਲਰੀਆਂ ਪਈਆਂ ਸਨ। ਚੋਰਾਂ ਨੇ ਲੈਬ ਦੀ ਫਰੋਲਾ-ਫਰਾਲੀ ਕੀਤੀ, ਪਰ ਉੱਥੋਂ ਕੋਈ ਕੀਮਤੀ ਸਾਮਾਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ। ਇਸ ਤੋਂ ਬਾਅਦ ਚੋਰਾਂ ਨੇ ਸਾਹਮਣੇ ਸਥਿਤ ‘ਸਿਡਾਨਾ ਟੀ ਸਟਾਲ’ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਮਾਲਕ ਰਾਜੂ ਸਿਡਾਨਾ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਤਾਲੇ ਟੁੱਟੇ ਹੋਏ ਸਨ। ਚੋਰ ਦੁਕਾਨ ਦੇ ਅੰਦਰੋਂ ਕਰੀਬ 150 ਰੁਪਏ ਦੀ ਭਾਨ ਅਤੇ ਕੋਲਡ ਡਰਿੰਕਸ ਦੇ ਕੁੱਝ ਕੈਨ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਚੋਰਾਂ ਨੇ ਨੇੜੇ ਹੀ ਸਥਿਤ ‘ਸੋਨੂੰ ਵਧਵਾ ਮੈਡੀਕਲ ਸਟੋਰ’ ਦੇ ਵੀ ਤਾਲੇ ਤੋੜ ਦਿੱਤੇ। ਦੁਕਾਨ ਸੰਚਾਲਕ ਸੋਨੂੰ ਵਧਵਾ ਨੇ ਦੱਸਿਆ ਕਿ ਉਹ ਗ਼ਲਤੀ ਨਾਲ ਆਪਣਾ ਪਰਸ ਦੁਕਾਨ ਵਿਚ ਹੀ ਭੁੱਲ ਗਏ ਸਨ। ਸਵੇਰੇ ਜਦੋਂ ਦੁਕਾਨ ਦੇਖੀ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਪਰਸ ਗ਼ਾਇਬ ਸੀ। ਪਰਸ ਵਿਚ ਕਰੀਬ 8 ਹਜ਼ਾਰ ਰੁਪਏ ਦੀ ਨਕਦੀ ਸੀ, ਜਦੋਂ ਕਿ ਦੁਕਾਨ ਦਾ ਬਾਕੀ ਸਾਮਾਨ ਸੁਰੱਖਿਅਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ 112 ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਲੱਕੜ ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਵਿਚ ਡਰ ਦਾ ਮਾਹੌਲ ਹੈ। ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।