ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਅਤੇ ਹੁਮਸ ਦੀ ਮਾਰ ਝੱਲ ਰਹੇ ਸ਼ਹਿਰ ਵਾਸੀਆਂ ਲਈ ਅੱਜ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ। ਅੱਜ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਨੇ ਕਰਵੱਟ ਬਦਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹੋਈ ਮੂਸਲਾਧਾਰ ਬਾਰਿਸ਼ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਨਿਜਾਤ ਦਿਵਾਈ। ਮੀਂਹ ਪੈਣ ਨਾਲ ਜਿੱਥੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਰਾ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਦੁਪਹਿਰ ਵੇਲੇ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ ਅਤੇ ਬਾਜ਼ਾਰਾਂ ਵਿਚ ਵੀ ਸੰਨਾਟਾ ਦੇਖਣ ਨੂੰ ਮਿਲ ਰਿਹਾ ਸੀ। ਪਰ ਦੁਪਹਿਰ ਬਾਅਦ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਹੋਈ ਬਾਰਸ਼ ਨੇ ਪੂਰੇ ਸ਼ਹਿਰ ਨੂੰ ਤਰ-ਬਤਰ ਕਰ ਦਿੱਤਾ। ਬਾਰਸ਼ ਸ਼ੁਰੂ ਹੁੰਦੇ ਹੀ ਸ਼ਹਿਰ ਦਾ ਮੌਸਮ ਬੇਹੱਦ ਖ਼ੁਸ਼ਗਵਾਰ ਹੋ ਗਿਆ। ਲੰਬੇ ਸਮੇਂ ਬਾਅਦ ਹੋਈ ਇਸ ਬਾਰਸ਼ ਦਾ ਅਨੰਦ ਲੈਣ ਲਈ ਬੱਚੇ ਅਤੇ ਨੌਜਵਾਨ ਘਰਾਂ ਦੀਆਂ ਛੱਤਾਂ ਅਤੇ ਪਾਰਕਾਂ ਵਿਚ ਨਿਕਲ ਆਏ।