ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)- ਉੱਘੇ ਸਮਾਜ ਸੇਵੀ, ਪਰਉਪਕਾਰੀ ਅਤੇ ਪਲਾਕਸ਼ਾ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਕਰਨ ਗਿਲਹੋਤਰਾ ਨੂੰ ਹਾਲ ਹੀ ਵਿਚ ਕਰਵਾਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ “ਆਊਟ ਸਟੈਂਡਿੰਗ ਫਿਲਨਥਰੋਪਿਸਟ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਉਨ੍ਹਾਂ ਨੂੰ ਸਮਾਜ ਸੇਵਾ, ਸਿੱਖਿਆ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਲੋਕ ਭਲਾਈ ਦੇ ਖੇਤਰ ਵਿਚ ਪਾਏ ਗਏ ਸ਼ਲਾਘਾਯੋਗ ਯੋਗਦਾਨ ਬਦਲੇ ਪ੍ਰਦਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਨ ਗਿਲਹੋਤਰਾ ਲੰਮੇ ਸਮੇਂ ਤੋਂ ਸਿੱਖਿਆ, ਸਮਾਜਿਕ ਸੁਧਾਰ ਅਤੇ ਜਨਹਿਤ ਦੇ ਵੱਖ-ਵੱਖ ਅਭਿਆਨਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਇਨ੍ਹਾਂ ਯਤਨਾਂ ਦਾ ਸਮਾਜ ’ਤੇ ਬਹੁਤ ਸਕਾਰਾਤਮਿਕ ਪ੍ਰਭਾਵ ਪਿਆ ਹੈ। ਇਹ ਸਨਮਾਨ ਹਾਸਲ ਕਰਨ ਤੋਂ ਬਾਅਦ ਕਰਨ ਗਿਲਹੋਤਰਾ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਵੱਧ ਸਮਰਪਣ ਅਤੇ ਦ੍ਰਿੜ੍ਹਤਾ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖਿਆ, ਨਵੀਨਤਾ ਅਤੇ ਸਮਾਜਿਕ ਵਿਕਾਸ ਦੇ ਜ਼ਰੀਏ ਵੱਧ ਤੋਂ ਵੱਧ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣਾ ਅਤੇ ਸਕਾਰਾਤਮਿਕ ਬਦਲਾਅ ਕਰਨਾ ਹੈ।