ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ-ਮੰਡਲ ਮੈਜਿਸਟਰੇਟ ਅਬੋਹਰ ਕਿਰਪਾਲ ਵੀਰ ਸਿੰਘ ਦੀਆਂ ਹਦਾਇਤਾਂ ’ਤੇ ਚੱਲਦਿਆਂ ਸਵੀਪ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਕੋਸੀ ਵਿਖੇ ‘ਐੱਸ.ਆਈ.ਆਰ. 2026’ ਵਿਸ਼ੇ ’ਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸਕੂਲ ਦੇ ਕਰੀਬ 25 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦੇ ਜ਼ਰੀਏ ਲੋਕਾਂ ਨੂੰ ਵਿਸ਼ੇਸ਼ ਸੰਦੇਸ਼ ਦਿੱਤਾ। ਇਸ ਦੌਰਾਨ ਸਵੀਪ ਟੀਮ ਦੇ ਮੁਖੀ ਅਜੇ ਛਾਬੜਾ ਅਤੇ ਸੈਂਟਰ ਹੈੱਡ ਟੀਚਰ ਮਹਾਵੀਰ ਨੇ ਵਿਦਿਆਰਥੀਆਂ ਨੂੰ ਐੱਸ.ਆਈ.ਆਰ.2026 ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਸਮੂਹ ਅਧਿਆਪਕਾਂ ਦਾ ਵੀ ਇਸ ਕਾਰਜ ਸਬੰਧੀ ਮਾਰਗਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪੇਂਟਿੰਗ ਮੁਕਾਬਲਿਆਂ ਦੇ ਸਮਾਪਨ ’ਤੇ, ਸਵੀਪ ਟੀਮ ਦੇ ਮੁਖੀ ਅਜੇ ਛਾਬੜਾ ਨੇ ਆਪਣੀ ਪੂਰੀ ਟੀਮ ਸਮੇਤ ਸਵੇਰ ਦੀ ਸਭਾ ਦੌਰਾਨ ਮੁਕਾਬਲੇ ਵਿਚ ਭਾਗ ਲੈਣ ਵਾਲੇ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਪੈੱਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਵੀਪ ਟੀਮ ਦੇ ਮੈਂਬਰਾਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਅਜੇ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।