ਅਬੋਹਰ, 18 ਜੁਲਾਈ (ਵਿਵੇਕ ਹੂੜੀਆ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਰਾਮਕੋਟ ਵਿਚ ਸ਼ੂਗਰ ਮਿੱਲ ਦੇ ਪਿੱਛੇ ਸਥਿਤ ਇਕ ਖਾਲ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਖੁਈ ਖੇੜਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਵਲੋਂ ਲਾਸ਼ ਨੂੰ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਲੱਗਦਿਆਂ ਹੀ ਖੂਈ ਖੇੜਾ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੂੰ ਮੌਕੇ ’ਤੇ ਬੁਲਾਇਆ। ਸਮਿਤੀ ਮੈਂਬਰਾਂ ਨੇ ਏ.ਐੱਸ.ਆਈ.ਲਖਵਿੰਦਰ ਸਿੰਘ ਦੀ ਮੌਜੂਦਗੀ ਵਿਚ ਸਖ਼ਤ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਖਾਲ ਵਿਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਨੂੰ ਐਂਬੂਲੈਂਸ ਰਾਹੀਂ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਸਮਿਤੀ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 40 ਸਾਲ ਜਾਪਦੀ ਹੈ ਅਤੇ ਦੇਖਣ ਤੋਂ ਲਾਸ਼ ਤਿੰਨ-ਚਾਰ ਦਿਨ ਪੁਰਾਣੀ ਲੱਗ ਰਹੀ ਹੈ। ਮ੍ਰਿਤਕ ਦੇ ਸਰੀਰ ’ਤੇ ਪਛਾਣ ਦੇ ਕੁੱਝ ਖ਼ਾਸ ਨਿਸ਼ਾਨ ਮਿਲੇ ਹਨ, ਜਿਸ ਵਿਚ ਉਸ ਦੀ ਇਕ ਬਾਂਹ ’ਤੇ ਬਾਜ਼ ਦਾ ਟੈਟੂ ਬਣਿਆ ਹੋਇਆ ਹੈ, ਜਦੋਂ ਕਿ ਦੂਜੇ ਹੱਥ ’ਤੇ ‘ਚੈਰੀ’ ਅਤੇ ‘ਸੁਨੀਤਾ’ ਨਾਂ ਉੱਕਰੇ ਹੋਏ ਹਨ। ਮ੍ਰਿਤਕ ਨੇ ਨੀਲੇ ਰੰਗ ਦਾ ਲੋਅਰ ਅਤੇ ਭੂਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਥਾਣਾ ਖੂਈ ਖੇੜਾ ਦੀ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਅਤੇ ਹੋਰ ਥਾਣਿਆਂ ਵਿਚ ਗੁੰਮਸ਼ੁਦਾ ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।