05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ’ਤੇ ਝੋਨਾ ਲਾ ਕੇ ਪੰਜਾਬ ਕਿਸਾਨ ਯੂਨੀਅਨ ਦਾ ਅਨੋਖਾ ਰੋਸ ਪ੍ਰਦਰਸ਼ਨ * ਕਿਹਾ, ਲੋਕਾਂ ਦੇ ਗੁਜ਼ਰਨ ਦੇ ਕਾਬਲ ਤਾਂ ਨਹੀਂ ਰਹੀ ਸੜਕ, ਚੱਲੋ ਲਗਾ ਦੇਈਏ ਝੋਨਾ * ਅਨੇਕਾਂ ਹਾਦਸਿਆਂ ਦਾ ਕਰਨ ਬਣ ਚੁੱਕਿਆ ਜਲਾਲਾਬਾਦ ਵੈੱਲਕਮ ਪੁਆਇੰਟ ਦਾ ਝੀਲ ਬਣਿਆ ਇਹ ਟੋਟਾ

Ad Position 21
No active advertisement
ਅਜੀਤ ਡੈਸਕ 26-07-2026
ਜਲਾਲਾਬਾਦ, 25 ਜੁਲਾਈ (ਕਰਨ ਚੁਚਰਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਰਾਸ਼ਟਰੀ ਮਾਰਗ ’ਤੇ ਸਥਿਤ ਜਲਾਲਾਬਾਦ ਦੇ ‘ਵੈੱਲਕਮ ਪੁਆਇੰਟ’ ਦੇ ਬੁਰੇ ਹਾਲਾਤ ਅਤੇ ਸੜਕ ਵਿਚ ਪਏ ਵੱਡੇ-ਵੱਡੇ ਖੱਡਿਆਂ ਤੋਂ ਤੰਗ ਆ ਕੇ ਅੱਜ ਪੰਜਾਬ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਅਸ਼ੋਕ ਕੰਬੋਜ ਦੀ ਅਗਵਾਈ ਹੇਠ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪਾਣੀ ਅਤੇ ਛੱਪੜ ਦਾ ਰੂਪ ਧਾਰ ਚੁੱਕੀ ਸੜਕ ਦੇ ਵਿਚਕਾਰ ਝੋਨਾ (ਜੀਰੀ) ਲਗਾ ਕੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਮੁੱਖ ਮਾਰਗ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ। ਸੜਕ ’ਚ ਪਏ ਡੂੰਘੇ ਖੱਡਿਆਂ ਕਾਰਨ ਆਏ ਦਿਨ ਇੱਥੇ ਭਿਆਨਕ ਹਾਦਸੇ ਵਾਪਰ ਰਹੇ ਹਨ। ਪਿਛਲੇ ਕੁੱਝ ਸਮੇਂ ਦੌਰਾਨ ਕਣਕ ਅਤੇ ਝੋਨੇ ਨਾਲ ਲੱਦੀਆਂ ਕਈ ਟਰਾਲੀਆਂ ਇਨ੍ਹਾਂ ਖੱਡਿਆਂ ਕਾਰਨ ਅਨਿਯੰਤਰਿਤ ਹੋ ਕੇ ਪਲਟ ਚੁੱਕੀਆਂ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਵਾਹਨ ਚਾਲਕ ਅਤੇ ਰਾਹਗੀਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਰੋਸ ਪ੍ਰਦਰਸ਼ਨ ਦੌਰਾਨ ਪ੍ਰਧਾਨ ਅਸ਼ੋਕ ਕੰਬੋਜ ਨੇ ਆਖਿਆ ਕਿ ਸੜਕ ਦੀ ਮੁਰੰਮਤ ਅਤੇ ਬਦਤਰ ਹਾਲਾਤਾਂ ਬਾਰੇ ਬਾਰ-ਬਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜੇਕਰ ਪ੍ਰਸ਼ਾਸਨ ਨੇ ਜਲਦ ਤੋਂ ਜਲਦ ਜਲਾਲਾਬਾਦ ਦੇ ਵੈੱਲਕਮ ਪੁਆਇੰਟ ਸਮੇਤ ਪੂਰੇ ਹਾਈਵੇਅ ਦੀ ਖ਼ਰਾਬ ਹਾਲਤ ਨੂੰ ਸੁਧਾਰ ਕੇ ਸੜਕ ਦੀ ਪੱਕੀ ਮੁਰੰਮਤ ਨਾ ਕਰਵਾਈ, ਤਾਂ ਕਿਸਾਨ ਯੂਨੀਅਨ ਅਤੇ ਆਮ ਜਨਤਾ ਮਿਲ ਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉੱਧਰ ਸ਼ਹਿਰ ਦੇ ਬੁੱਧੀਜੀਵੀ ਵਰਗ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਵਰ੍ਹਿਆਂ ਤੋਂ ਇਸ ਹਾਲਤ ਨਾਲ ਜੂਝ ਰਿਹਾ ਜਲਾਲਾਬਾਦ ਭਾਵੇਂ ਲੱਖ ਸੋਹਣਾ ਬਣਾ ਲਵੋ ਪਰ ਉਸ ਦੇ ਮੱਥੇ ਤੋਂ ਜਦੋਂ ਤੱਕ ਇਹ ਕਲੰਕ ਨਹੀਂ ਲਾਹਿਆ ਜਾਂਦਾ, ਉਦੋਂ ਤੱਕ ਇਹ ਵਿਕਾਸ ਕਿਸੇ ਲੇਖੇ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਪਿੰਡ ਮੂਲਿਆਂ ਵਾਲੀ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪ੍ਰਾਜੈਕਟ ਦਾ ਉਦਘਾਟਨ... ਅਗਲੀ ਖ਼ਬਰ ਲਹਿਰਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Ad Position 24
No active advertisement