ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ
ਅਜੀਤ ਡੈਸਕ
29-07-2026
ਫ਼ਾਜ਼ਿਲਕਾ, 28 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਹੈਰੋਇਨ ਪੀਣ ਲਈ ਵਰਤੇ ਜਾਂਦੇ ਸਮਾਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨਹਿਰ ਪਟੜੀ ਅਮੀਰ ਖ਼ਾਸ ਨੇੜੇ ਗਸ਼ਤ ਕਰ ਰਹੀ ਸੀ ਤਾਂ ਸਰਕੰਡਿਆਂ ਵਿਚ ਬੈਠਾ ਇਕ ਵਿਅਕਤੀ ਧੂੰਆਂ ਖਿੱਚਦਾ ਨਜ਼ਰ ਆਇਆ। ਪੁਲਿਸ ਨੂੰ ਦੇਖ ਕੇ ਉਹ ਖਿਸਕਣ ਲੱਗਿਆ, ਜਿਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਵਿਅਕਤੀ ਦੀ ਪਛਾਣ ਸਤਪਾਲ ਸਿੰਘ ਪੁੱਤਰ ਫ਼ਲਕ ਸਿੰਘ ਵਾਸੀ ਅਮੀਰ ਖ਼ਾਸ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਲਾਈਟਰ, ਸਿਲਵਰ ਪੰਨੀ, ਜਿਸ ’ਤੇ ਕੁੱਝ ਹੈਰੋਇਨ ਚਿਪਕੀ ਹੋਈ ਸੀ ਅਤੇ ਕੁੱਝ ਸੜੀ ਹੋਈ ਸੀ, ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਡਾਕ ਵਿਭਾਗ ’ਚ ਨੌਕਰੀ ਲਗਵਾਉਣ ਦੇ ਨਾਂਅ ’ਤੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਫਾਜ਼ਿਲਕਾ-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਡਾਕ ਵਿਭਾਗ ਵਿਚ ਸਰਕਾਰੀ ਨੌਕਰੀ ਲਗਵਾਉਣ ਦੇ ਨਾਂਅ ’ਤੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਸਤਿਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੋਹਲਾ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਵੱਲੇ ਸ਼ਾਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੁਖਜਿੰਦਰ ਸਿੰਘ ਉਰਫ਼ ਸੁਖਜਿੰਦਰ ਸਿੰਘ ਸਹੋਤਾ ਪੁੱਤਰ ਮੰਗਲ ਸਿੰਘ ਵਾਸੀ ਕਾਂਸ਼ੀ ਰਾਮ ਕਾਲੋਨੀ ਫ਼ਾਜ਼ਿਲਕਾ ਨੇ ਉਸ ਨੂੰ ਡਾਕ ਵਿਭਾਗ ਵਿਚ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 30,000 ਰੁਪਏ ਦੀ ਠੱਗੀ ਮਾਰੀ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੈਰੋਇਨ ਦਾ ਸੇਵਨ ਕਰਨ ਵਾਲਾ ਵਿਅਕਤੀ ਕਾਬੂ
ਫਾਜ਼ਿਲਕਾ-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਲੇਡੀ ਹੈੱਡ ਕਾਂਸਟੇਬਲ ਸਰਿਤਾ ਰਾਣੀ ਨੇ ਦੱਸਿਆ ਕਿ ਪੁਲਿਸ ਪਾਰਟੀ ਬਾਧਾ ਟੀ ਪੁਆਇੰਟ ਫ਼ਾਜ਼ਿਲਕਾ ਦੇ ਖੰਡਰ ਨੇੜੇ ਗਸ਼ਤ ਕਰ ਰਹੀ ਸੀ ਤਾਂ ਸ਼ਿਵਮ ਪੁੱਤਰ ਹਰਜੀਤ ਸਿੰਘ ਵਾਸੀ ਭੈਰੋ ਬਸਤੀ ਫ਼ਾਜ਼ਿਲਕਾ ਨੂੰ ਹੈਰੋਇਨ ਪੀਣ ਦੀ ਹਾਲਤ ਵਿਚ ਕਾਬੂ ਕੀਤਾ ਗਿਆ। ਉਸ ਕੋਲੋਂ ਸਿਲਵਰ ਵਾਲੀ ਪੰਨੀ ’ਤੇ ਲੱਗੀ ਹੈਰੋਇਨ, ਇਕ ਲਾਈਟਰ ਅਤੇ 10 ਰੁਪਏ ਦਾ ਨੋਟ, ਜਿਸ ਨਾਲ ਪਾਈਪ ਬਣੀ ਹੋਈ ਸੀ, ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨਸ਼ੇ ਦੀ ਹਾਲਤ ’ਚ ਮਿਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਫ਼ਾਜ਼ਿਲਕਾ-ਥਾਣਾ ਸਿਟੀ 2 ਅਬੋਹਰ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਮਿਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸੰਤੋਸ਼ ਰਾਣੀ ਨੇ ਦੱਸਿਆ ਕਿ ਪੁਲਿਸ ਪਾਰਟੀ ਕੰਧਵਾਲਾ ਰੋਡ ਤੋਂ ਰਾਜੀਵ ਨਗਰ ਵੱਲ ਗਸ਼ਤ ਕਰ ਰਹੀ ਸੀ ਤਾਂ ਕਰੀਬ 200 ਮੀਟਰ ਅੱਗੇ ਇਕ ਵਿਅਕਤੀ ਨਸ਼ੇ ਦੀ ਹਾਲਤ ਵਿਚ ਘੁੰਮਦਾ ਮਿਲਿਆ। ਉਸ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਅਬੋਹਰ ਵਿਖੇ ਡੋਪ ਟੈੱਸਟ ਕਰਵਾਇਆ ਗਿਆ। ਵਿਅਕਤੀ ਦੀ ਪਛਾਣ ਅਜੈ ਪੁੱਤਰ ਗੋਪਾਲ ਵਾਸੀ ਗਲੀ ਨੰਬਰ 3 ਇੰਦਰਾ ਨਗਰੀ ਅਬੋਹਰ ਵਜੋਂ ਹੋਈ। ਡਾਕਟਰੀ ਰਿਪੋਰਟ ਵਿਚ ਡੋਪ ਟੈੱਸਟ ਪਾਜ਼ੀਟਿਵ ਆਉਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੋਪ ਟੈਸਟ ਪਾਜ਼ੀਟਿਵ ਆਉਣ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਫ਼ਾਜ਼ਿਲਕਾ-ਥਾਣਾ ਖੂਈਆਂ ਸਰਵਰ ਪੁਲਿਸ ਨੇ ਡੋਪ ਟੈੱਸਟ ਪਾਜ਼ੀਟਿਵ ਆਉਣ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਗੁਰਮੀਤ ਸਿੰਘ ਉਰਫ਼ ਗੀਤੂ ਪੁੱਤਰ ਸਿੰਦਾ ਸਿੰਘ ਵਾਸੀ ਦਲਮੀਰ ਖੇੜਾ ਨਸ਼ੇ ਦੀ ਹਾਲਤ ਵਿਚ ਮਿਲਿਆ। ਉਸ ਦਾ ਡੋਪ ਟੈੱਸਟ ਕਰਵਾਇਆ ਗਿਆ, ਜੋ ਪਾਜ਼ੀਟਿਵ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ 2 ਵਿਅਕਤੀ ਕਾਬੂ
ਫ਼ਾਜ਼ਿਲਕਾ-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਰੁਪਏ ਡਰੱਗ ਮਨੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਸੀਡ ਫਾਰਮ ਪੱਕਾ ਅਬੋਹਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਆ ਰਹੇ ਇਕ ਨੌਜਵਾਨ ਅਤੇ ਇਕ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਉਕਤ ਵਿਅਕਤੀ ਮੋਟਰਸਾਈਕਲ ਮੋੜਨ ਲੱਗੇ ਤਾਂ ਉਹ ਬੇਕਾਬੂ ਹੋ ਕੇ ਡਿਗ ਪਿਆ। ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਮੋਹਨ ਸਿੰਘ ਵਾਸੀ ਜੰਮੂ ਬਸਤੀ ਗਲੀ ਨੰਬਰ 5 ਅਬੋਹਰ ਅਤੇ ਪਰਮਜੀਤ ਕੌਰ ਉਰਫ਼ ਪੰਮੀ ਪਤਨੀ ਜਸਵਿੰਦਰ ਸਿੰਘ ਵਾਸੀ ਸੀਡ ਫਾਰਮ ਪੱਕਾ ਅਬੋਹਰ ਵਜੋਂ ਹੋਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 15 ਗਰਾਮ ਹੈਰੋਇਨ, 170 ਨਸ਼ੀਲੀਆਂ ਟਰਾਮਾਡੋਲ ਗੋਲੀਆਂ ਅਤੇ 18,000 ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।