11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ਪਾਵਰ ਕਾਰਪੋਰੇਸ਼ਨ ਦੇ ਫ਼ਾਜ਼ਿਲਕਾ ਦੇ ਹਜ਼ਾਰਾਂ ਬਿਜਲੀ ਖਪਤਕਾਰ 40 ਕਰੋੜ ਤੋਂ ਵੱਧ ਦੇ ਡਿਫਾਲਟਰ

Ad Position 21
No active advertisement
ਅਜੀਤ ਡੈਸਕ 29-07-2026
ਫ਼ਾਜ਼ਿਲਕਾ, 28 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਆਪਣੇ ਵੋਟ ਬੈਂਕ ਦੇ ਫ਼ਿਕਰ ਨੂੰ ਲੈ ਕੇ ਮਨੁੱਖਤਾ ਦੀ ਅਤਿ ਜ਼ਰੂਰਤ ਬਿਜਲੀ ਦੀ ਸਹੂਲਤ ਨੂੰ ਮੁਫ਼ਤ ਰੇਵੜੀਆਂ ਵਾਂਗ ਵੰਡਣ ਦੀਆਂ ਸ਼ੁਰੂ ਕੀਤੀਆਂ ਮੁਹਿੰਮਾਂ ਦੇ ਬਾਵਜੂਦ ਫ਼ਾਜ਼ਿਲਕਾ ਪਾਵਰਕਾਮ ਦੀ ਡਵੀਜ਼ਨ ਅਧੀਨ ਜ਼ਿਲ੍ਹੇ ਅੰਦਰ 40 ਹਜ਼ਾਰ ਤੋਂ ਵੱਧ ਬਿਜਲੀ ਖਪਤਕਾਰ ਡਿਫਾਲਟਰ ਹੋ ਚੁੱਕੇ ਹਨ। ਜਿਸ ਨੇ ਪਾਵਰਕਾਮ ਦੇ ਅਧਿਕਾਰੀਆਂ ਦੀਆਂ ਨੀਂਦਰਾਂ ਉਡਾਈਆਂ ਹਨ ਉੱਥੇ ਪੰਜਾਬ ਦਾ ਭਲਾ ਚਾਹੁਣ ਵਾਲਾ ਸ਼ੁੱਭਚਿੰਤਕ ਵੀ ਮਾਨਸਿਕ ਤਣਾਅ ਹੇਠ ਆ ਗਿਆ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ’ਚ 40 ਹਜ਼ਾਰ ਤੋਂ ਵੱਧ ਬਿਜਲੀ ਖਪਤਕਾਰ ਡਿਫਾਲਟਰ ਹੋ ਚੁੱਕੇ ਹਨ, ਜਿਨ੍ਹਾਂ ਵੱਲ ਬਿਜਲੀ ਨਿਗਮ ਦਾ 41.88 ਕਰੋੜ ਰੁਪਏ ਤੋਂ ਵੱਧ ਦਾ ਬਿੱਲ ਬਕਾਇਆ ਖੜ੍ਹਾ ਹੈ। ਹੈਰਾਨੀਜਨਕ ਤੱਥ ਇਹ ਹਨ ਕਿ ਇਨ੍ਹਾਂ ਬਕਾਏਦਾਰਾਂ ’ਚ ਆਮ ਖਪਤਕਾਰਾਂ ਦੇ ਨਾਲ-ਨਾਲ ਕਈ ਵੱਡੇ ਸਰਕਾਰੀ ਵਿਭਾਗ ਵੀ ਸ਼ਾਮਿਲ ਹਨ। ਬਿਜਲੀ ਨਿਗਮ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਜ਼ਿਲ੍ਹੇ ’ਚ ਕੁੱਲ 40,185 ਖਪਤਕਾਰਾਂ ਨੂੰ ਡਿਫਾਲਟਰ ਐਲਾਨਿਆ ਗਿਆ ਹੈ। ਇਨ੍ਹਾਂ ’ਚੋਂ 39,711 ਸ਼ਹਿਰੀ ਅਤੇ ਪੇਂਡੂ ਖਪਤਕਾਰ ਹਨ, ਜਿਨ੍ਹਾਂ ਵੱਲ 23.61 ਕਰੋੜ ਰੁਪਏ ਦਾ ਬਕਾਇਆ ਹੈ। ਦੂਜੇ ਪਾਸੇ 474 ਸਰਕਾਰੀ ਵਿਭਾਗਾਂ ਵੱਲ ਵੀ ਲਗਭਗ 18.27 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ। ਸਰਕਾਰੀ ਡਿਫਾਲਟਰਾਂ ’ਚ ਵਾਟਰ ਸਪਲਾਈ, ਸੀਵਰੇਜ ਬੋਰਡ, ਸਟਰੀਟ ਲਾਈਟਾਂ, ਸਰਕਾਰੀ ਹਸਪਤਾਲ, ਸਕੂਲ ਅਤੇ ਡਿਸਪੈਂਸਰੀਆਂ ਵਰਗੇ ਅਹਿਮ ਵਿਭਾਗ ਸ਼ਾਮਿਲ ਹਨ। ਬਿਜਲੀ ਵਿਭਾਗ ਨੇ ਅਜਿਹੇ ਖਪਤਕਾਰਾਂ ਨੂੰ ਨਿਗਮ ਵਲੋਂ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਇਨ੍ਹਾਂ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਸਿੱਧੇ ਤੌਰ ’ਤੇ ਕੱਟਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਵਿਭਾਗ ਵਲੋਂ ਹੁਣ ਤੱਕ ਲਗਭਗ 150 ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਸਾਰੇ ਡਿਫਾਲਟਰ ਖਪਤਕਾਰਾਂ ਅਤੇ ਸਰਕਾਰੀ ਵਿਭਾਗਾਂ ਨੂੰ ਚਿਤਾਵਨੀ ਦੇ ਲਹਿਜ਼ੇ ਨਾਲ ਕਿਹਾ ਹੈ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਕਿਸੇ ਵੀ ਕਾਰਵਾਈ ਤੋਂ ਬਚਣ ਲਈ ਰਕਮ ਜਮ੍ਹਾਂ ਕਰਵਾਈ ਜਾਵੇ। ਇਹ ਵੀ ਤੱਥ ਸਾਹਮਣੇ ਆਏ ਹਨ ਕਿ ਪਿਛਲੀਆਂ ਸਰਕਾਰਾਂ ਨੇ ਚੋਣਾਂ ਦੇ ਸਮੇਂ ਕਈ ਵਰਗ ਦੇ ਲੋਕਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਸਨ। ਜਿਸ ਦਾ ਉਹ ਮੁਆਫ਼ੀ ਦਾ ਸੁਆਦ ਵੀ ਖਪਤਕਾਰਾਂ ਨੂੰ ਨਹੀਂ ਜਾ ਰਿਹਾ। ਉਨ੍ਹਾਂ ਨੂੰ ਆਸ ਹੈ ਕਿ ਇਹ ਸਰਕਾਰ ਵੀ ਆਪਣੇ ਕਾਰਜਕਾਲ ਦੇ ਆਖ਼ਰੀ ਮਹੀਨਿਆਂ ਦੌਰਾਨ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਅਜਿਹੇ ਕਈ ਪੈਂਤੜੇ ਚੱਲੇਗੀ। ਅਜਿਹੇ ਪੈਂਤੜਿਆਂ ਦੀ ਆਸ ਨੂੰ ਲੈ ਕੇ ਪਾਵਰ ਕਾਮ ਦੇ ਡਿਫਾਲਟਰਾਂ ਦੀ ਗਿਣਤੀ ਅਤੇ ਬਕਾਇਆ ਰਾਸ਼ੀ ਦਿਨ ਬਦਿਨ ਵਧਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਕ੍ਰਿਕਟਰਾਂ ਨੇ ਜ਼ੋਨ ਪੱਧਰੀ ਟੂਰਨਾਮੈਂਟ ’ਚ ਜਿੱਤੇ 2 ਚਾਂਦੀ ਦੇ ਤਗਮੇ
Ad Position 24