ਮੰਡੀ ਅਰਨੀਵਾਲਾ, 28 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹੂਆਣਾ ਬੋਦਲਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਲਿਆਣਾ ਵਿਖੇ ਕਰਵਾਏ ਜ਼ੋਨ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਲੜਕਿਆਂ ਦੀਆਂ ਟੀਮਾਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਦੇ ਤਗਮੇ ਹਾਸਿਲ ਕੀਤੇ ਅਤੇ ਇਸ ਦੇ ਨਾਲ ਹੀ ਦੋਵਾਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਲਈ ਕੁਆਲੀਫ਼ਾਈ ਕਰ ਲਿਆ ਹੈ। ਕੋਚ ਰਾਜਿੰਦਰ ਕੁਮਾਰ ਦੀ ਸਿਖਲਾਈ ਹੇਠ ਖਿਡਾਰੀਆਂ ਨੇ ਪੂਰੇ ਅਨੁਸ਼ਾਸਨ ਅਤੇ ਟੀਮ ਵਰਕ ਨਾਲ ਫਾਈਨਲ ਤੱਕ ਦਾ ਰੋਮਾਂਚਕ ਸਫ਼ਰ ਤੈਅ ਕੀਤਾ। ਇਸ ਉਪਲਬਧੀ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ.ਪੰਕਜ ਧਮੀਜਾ, ਪ੍ਰਿੰਸੀਪਲ ਸ੍ਰੀਮਤੀ ਨੀਤੀ ਸਿੰਘ ਅਤੇ ਅਕਾਦਮਿਕ ਮੁਖੀ ਡਾ.ਗੁਰਵੀਨ ਕੌਰ ਨੇ ਜੇਤੂ ਖਿਡਾਰੀਆਂ, ਕੋਚ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ ਅਤੇ ਉਮੀਦ ਜਤਾਈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੀ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ।