ਅੰਮਿ੍ਤਸਰ, 2 ਜਨਵਰੀ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਅੰਮਿ੍ਤਸਰ) ਨੇ 328 ਪਾਵਨ ਸਰੂਪ ਮਾਮਲੇ 'ਚ ਮੰਗ ਕੀਤੀ ਹੈ ਕਿ ਪਾਵਨ ਸਰੂਪਾਂ ਦਾ ਪਤਾ ਲਗਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਿੱਖ ਸੰਸਥਾਵਾਂ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਸ਼ੋ੍ਰਮਣੀ ਕਮੇਟੀ ਵਿਚ ਵੱਡੀਆਂ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 328 ਲਾਪਤਾ ਪਾਵਨ ਸਰੂਪ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸੀ.ਏ. ਸਤਿੰਦਰਪਾਲ ਸਿੰਘ ਕੋਹਲੀ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਨਾਕਾਮੀ ਦੇ ਬਾਵਜੂਦ ਉਸ ਨੂੰ ਵੱਡੀਆਂ ਅਦਾਇਗੀਆਂ ਕੀਤੀਆਂ ਗਈਆਂ | ਉਨ੍ਹਾਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਧਾਮੀ 'ਤੇ ਵੀ ਸਵਾਲ ਉਠਾਇਆ ਕਿ ਅੰਦਰੂਨੀ ਰਿਪੋਰਟਾਂ ਦੇ ਬਾਵਜੂਦ ਸਮੇਂ ਸਿਰ ਕੋਹਲੀ ਵਿਰੁੱਧ ਕੇਸ ਦਰਜ ਕਿਉਂ ਨਹੀਂ ਕਰਵਾਏ ਗਏ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੋਹਲੀ ਦੇ ਬਾਦਲ ਪਰਿਵਾਰ ਨਾਲ ਜੁੜੀਆਂ ਕਥਿੱਤ ਕੰਪਨੀਆਂ ਨਾਲ ਸੰਬੰਧ ਹੋਣ ਕਾਰਨ ਉਸ ਨੂੰ ਬਚਾਇਆ ਗਿਆ, ਜੋ ਪੂਰੇ ਮਾਮਲੇ ਨੂੰ ਹੋਰ ਵੀ ਸ਼ੱਕੀ ਤੇ ਗੰਭੀਰ ਬਣਾਉਂਦਾ ਹੈ | ਉਨ੍ਹਾਂ ਆਖਿਆ ਕਿ ਸਿੱਖ ਭਾਈਚਾਰੇ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ 328 ਪਾਵਨ ਸਰੂਪ ਕਿਥੇ ਹਨ | ਉਨ੍ਹਾਂ ਪਾਵਨ ਸਰੂਪ ਮਾਮਲੇ ਨੂੰ ਸਿਰਫ਼ ਪ੍ਰਸ਼ਾਸਕੀ ਨਹੀਂ ਬਲਕਿ ਗੰਭੀਰ ਅਪਰਾਧਿਕ ਮਾਮਲਾ ਕਰਾਰ ਦਿੱਤਾ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਸਿੱਖ ਪੰਥ ਨੂੰ ਇਸ ਵੱਡੀ ਉਲਝਣ 'ਚੋਂ ਕੱਢਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ | ਪਾਰਟੀ ਆਗੂ ਹਰਪਾਲ ਸਿੰਘ ਬਲੇਰ ਨੇ ਸ਼ੋ੍ਰਮਣੀ ਕਮੇਟੀ ਚੋਣਾਂ ਵਿਚ ਹੋ ਰਹੀ ਵਾਰ-ਵਾਰ ਦੇਰੀ ਨੂੰ ਸਿੱਖ ਲੋਕਤੰਤਰ 'ਤੇ ਸਿੱਧਾ ਹਮਲਾ ਕਰਾਰ ਦਿੱਤਾ | ਉਨ੍ਹਾਂ ਮੰਗ ਕੀਤੀ ਕਿ 328 ਪਾਵਨ ਸਰੂਪਾਂ ਦਾ ਤੁਰੰਤ ਪਤਾ ਲਗਾਇਆ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਅਮਰੀਕ ਸਿੰਘ ਨੰਗਲ, ਸ਼ਮਸ਼ੇਰ ਸਿੰਘ ਬਰਾੜ, ਕੁਲਵੰਤ ਸਿੰਘ ਕੋਟਲਾ, ਦਵਿੰਦਰ ਸਿੰਘ ਬੱਲ, ਨਿਸ਼ਾਨ ਸਿੰਘ ਬਲੇਰ ਵੀ ਹਾਜ਼ਰ ਸਨ |