ਚੱਬਾ, 3 ਜਨਵਰੀ (ਜੱਸਾ ਅਣਜਾਣ)-2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦਾ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਹੋਈਆਂ ਚੋਣਾਂ 'ਚ ਅਕਾਲੀ ਦਲ ਦੇ ਹੱਕ ਵਿਚ ਦਿੱਤੇ ਗਏ ਫਤਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਬਦਲਾਅ ਵਾਲੀ ਆਪ ਸਰਕਾਰ ਤੋਂ ਮੁੱਖ ਮੋੜ ਚੁੱਕੇ ਹਨ ਤੇ ਅੱਜ ਸੂਬੇ ਦੇ ਹਰ ਸ਼ਹਿਰ ਅਤੇ ਪਿੰਡਾਂ ਦੇ ਗਲੀ ਮੁਹੱਲਿਆਂ 'ਚ ਅਕਾਲੀ ਦਲ ਦਾ ਬੋਲ ਬਾਲਾ ਆਮ ਲੋਕਾਂ ਦੇ ਮੂੰਹੋਂ ਸੁਣਿਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਹਰਜੀਤ ਸਿੰਘ ਬਹੋੜੂ ਵਲੋਂ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਹਲਕਾ ਅਟਾਰੀ ਦੇ ਕਿਸੇ ਵੀ ਪਿੰਡ 'ਚ ਵਿਕਾਸ ਕਾਰਜਾਂ ਦੀ ਗ੍ਰਾਂਟ ਜਾਰੀ ਨਹੀਂ ਹੋਈ | ਪਿਛਲੀਆਂ ਸਰਕਾਰਾਂ ਦਾ ਬੈਂਕਾਂ 'ਚ ਪਿਆ ਬਕਾਇਆ ਰਾਸ਼ੀ ਉਹੀ ਪਿੰਡਾਂ 'ਚ ਲਗਾਇਆ ਗਿਆ | ਪਰ ਆਪ ਸਰਕਾਰ ਵਲੋਂ ਪਿੰਡਾਂ ਨੂੰ ਕੋਈ ਰਾਸ਼ੀ ਨਹੀਂ ਦਿੱਤੀ | ਗ਼ਰੀਬ ਲੋਕਾਂ ਨੂੰ ਮਿਲਦੀ ਤੀਹ ਕਿਲੋ ਕਣਕ ਦੀ ਕਟੌਤੀ ਕਰਨ, ਕਦੀ 15 ਕਿਲੋ ਤੇ ਕਦੀ 5 ਕਿਲੋ ਦੇਕੇ ਟਾਈਮ ਪਾਸ ਕਰ ਰਹੀ ਆਪ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਤੋਂ ਭੱਜ ਰਹੀ ਹੈ | ਲੋਕਾਂ ਨੂੰ ਸ਼ਗਨ ਨਹੀਂ ਮਿਲ ਰਹੀਆਂ ਗੱਲ ਕੀ ਅੱਜ ਹਰ ਵਰਗ ਇਸ ਸਰਕਾਰ ਤੋਂ ਦੁੱਖੀ ਹੈ | ਕੋਈ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਆਪ ਦੇ ਵਲੰਟੀਅਰ ਸਮੱਸਿਆਵਾਂ ਦੇ ਹੱਲ ਦੇ ਝੂਠੇ ਦਮਗਜੇ ਮਾਰ ਰਹੇ ਹਨ | ਸਭ ਕੁਝ ਲੋਕਾਂ ਨੂੰ ਨਜ਼ਰ ਆ ਰਿਹਾ ਹੈ | ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ | ਨਿੱਤ ਦਿਨ ਗੈਂਗਸਟਰਾਂ ਵਲੋਂ ਦੁਕਾਨਦਾਰਾਂ ਤੇ ਵਪਾਰੀਆਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਤੇ ਲੁੱਟ ਖੋਹਾਂ ਦਾ ਕੰਮ ਅਤੇ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜਾਮ ਦਿੱਤੇ ਜਾ ਰਹੇ ਹਨ |