ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਆਫ ਐਜ਼ੂਕੇਸ਼ਨ ਜੀ. ਟੀ. ਰੋਡ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਬ੍ਰਹਮਬੂਟਾ ਮਾਰਕੀਟ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਤੇ ਜ਼ੋੋਸ਼ੋ ਖ਼ਰੋਸ਼ ਨਾਲ ਮਨਾਇਆ ਗਿਆ। ਖ਼ਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ, ਪਬਲਿਕ ਸਕੂਲ ਵਿਖੇ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਗੁਨਬੀਰ ਸਿੰਘ ਨੇ ਸੰਤੋਖ ਸਿੰਘ ਸੇਠੀ ਤੇ ਪ੍ਰਿੰਸੀਪਲ ਅਮਰਜੀਤ ਸਿੰਘ ਨਾਲ ਮਿਲ ਕੇ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਦੌਰਾਨ ਐਜੂਕੇਸ਼ਨ ਕਾਲਜ ਵਿਖੇ ਡਾ. ਕੁਮਾਰ ਦੇ ਸਹਿਯੋਗ ਨਾਲ 77ਵਾਂ ਗਣਤੰਤਰ ਦਿਵਸ ਡਾ: ਅੰਜੂ ਤਿਆਗੀ (ਅਸਿਸਟੈਂਟ ਪ੍ਰੋਫੈਸਰ) ਦੀ ਅਗਵਾਈ ਹੇਠ ਮਨਾਇਆ ਗਿਆ, ਜਿਸਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ। ਡਾ. ਕੁਮਾਰ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਤਿਆਰ ਕਰਕੇ ਲਾਗੂ ਕਰਨਾ ਇਕ ਕਠਿਨ ਪ੍ਰਕਿਰਿਆ ਸੀ, ਜਿਸ 'ਚ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤਾਂ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਨ ਲਈ ਪ੍ਰੇਰਿਆ। ਕਾਲਜ ਵਿਦਿਆਰਥੀਆ ਵਲੋਂ ਦੇਸ਼ ਭਗਤੀ ਸੰਬੰਧੀ ਕਵਿਤਾ ਉਚਾਰਨ, ਸਕਿੱਟ ਅਤੇ ਨ੍ਰਿਤ ਪੇਸ਼ਕਾਰੀਆਂ ਕੀਤੀਆਂ ਗਈਆਂ। ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਮਨਦੀਪ ਕੌਰ, ਸ੍ਰੀ ਤਰੁਣ, ਮੈਡਮ ਪੂਜਾ ਮਹਿਰਾ, ਮਨਮੀਤ ਸਿੰਘ, ਮੈਡਮ ਕਨਿਕਾ, ਮੈਡਮ ਦਵੱਗਿਆ ਅਤੇ ਵਾਈਸ ਪ੍ਰਿੰਸੀਪਲ ਰੁਪਿੰਦਰ ਕੌਰ ਮਾਹਲ ਨੇ ਕਵਿਤਾ, ਭਾਸ਼ਣ ਅਤੇ ਦੇਸ਼ ਭਗਤੀ ਗੀਤਾਂ ਰਾਹੀਂ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ।
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਦੇ ਪ੍ਰਿੰ: ਡਾ. ਮਲਹੋਤਰਾ, ਪਬਲਿਕ ਸਕੂਲ ਦੇ ਪਿ੍ਰੰ: ਗਿੱਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਗਿੱਲ ਨੇ ਸਾਂਝੇ ਤੌਰ 'ਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਸਮਾਜਿਕ ਗਤੀਵਿਧੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭਾਰਤ ਦੇਸ਼ ਪੂਰੀ ਦੁਨੀਆ 'ਚ ਜਮਹੂਰੀਅਤ ਲਈ ਪਛਾਣਿਆ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਰਾਸ਼ਟਰ ਨੂੰ ਹੋਰ ਮਜ਼ਬੂਤ ਬਣਾਈਏ। ਇਸ ਮੌਕੇ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸ: ਸੇਠੀ ਨੇ ਕੌਂਸਲ ਦੇ ਮੈਂਬਰ ਗੁਰਮਹਿੰਦਰ ਸਿੰਘ ਅਤੇ ਪ੍ਰਿੰ: ਗਿੱਲ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਕਤ ਵਿੱਦਿਅਕ ਅਦਾਰਿਆਂ 'ਚ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਭਰਪੂਰ ਸਭਿਆਚਾਰਕ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ 'ਗਣਤੰਤਰ ਦਿਵਸ'
ਅਜੀਤ ਡੈਸਕ
29-01-2026