ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਨਵੇਂ ਸੈਸ਼ਨ ਲਈ ਸ਼ੁਰੂ ਹੋਈ 'ਦਾਖ਼ਲਾ ਮੁਹਿੰਮ' ਦੇ ਤੀਸਰੇ ਦਿਨ ਅੱਜ ਵੱਖ-ਵੱਖ ਖੇਤਰਾਂ 'ਚ ਜਾਣ ਵਾਲੀ ਜਾਗਰੂਕਤਾ ਵੈਨ ਨੂੰ ਅੰਮਿ੍ਤਸਰ ਦੇ ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਵਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ, ਜਿਸ ਦਾ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ, ਰਾਜੇਸ਼ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਮੰਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ, ਯਸ਼ਪਾਲ ਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ਰੀਫਪੁਰਾ ਸਕੂਲ 'ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ 'ਚ ਕੀਤੇ ਬੇਮਿਸਾਲ ਸੁਧਾਰਾਂ ਦੀ ਬਦੌਲਤ ਅੱਜ ਪੰਜਾਬ ਦੇ ਸਰਕਾਰੀ ਸਕੂਲ ਸੂਬੇ ਦੀ ਸ਼ਾਨ ਬਣ ਰਹੇ ਹਨ | ਉਨ੍ਹਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਆਪਣੇ ਬੱਚੇ ਦਾਖਲ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲਗਭਗ 90 ਫ਼ੀਸਦੀ ਉੱਚ ਅਹੁਦਿਆਂ 'ਤੇ ਬਿਰਾਜਮਾਨ ਅਧਿਕਾਰੀ ਅਤੇ ਅਧਿਆਪਕ ਸਰਕਾਰੀ ਸਕੂਲਾਂ ਤੋਂ ਹੀ ਪੜ੍ਹੇ ਹੋਏ ਹਨ | ਇਸ ਮੌਕੇ ਮੁੱਖ ਅਧਿਆਪਕ ਰੋਹਿਤ ਦੇਵ, ਡੀ. ਆਰ. ਸੀ. ਵਿਜੇ ਕੁਮਾਰ, ਮਨੀਸ਼ ਕੁਮਾਰ ਮੇਘ, ਸੰਦੀਪ ਸਿਆਲ, ਰਜਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਪਰਮਿੰਦਰ ਸੰਧੂ, ਮੀਡੀਆ ਇੰਚਾਰਜ ਮਨਪ੍ਰੀਤ ਸੰਧੂ, ਬਲਜੀਤ ਸਿੰਘ ਮੱਲ੍ਹੀ, ਸੀ. ਐੱਚ. ਟੀ. ਹਰਬਖਸ਼ ਸਿੰਘ, ਹਰਮਿੰਦਰ ਸਿੰਘ, ਦਲਜੀਤ ਸਿੰਘ, ਤਜਿੰਦਰਜੀਤ ਕੌਰ ਗਿੱਲ, ਕੁਲਵਿੰਦਰ ਕੌਰ, ਅਰਵਿੰਦਰ ਕੁਮਾਰ, ਸ਼ਿਖਾ ਸੈਣੀ, ਬਲਜਿੰਦਰ ਸਿੰਘ, ਪੰਕਜ ਕੋਛੜ ਆਦਿ ਵੀ ਮੌਜੂਦ ਸਨ |