ਅੰਮਿ੍ਤਸਰ, 22 ਫ਼ਰਵਰੀ (ਹਰਮਿੰਦਰ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਹਮੇਸ਼ਾਂ ਤੋਂ ਹੀ ਸਿੱਖਿਆ ਦੇ ਨਾਲ-ਨਾਲ ਨੈਤਿਕ ਅਤੇ ਧਾਰਮਿਕ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਰਹੀ ਹੈ | 22 ਫਰਵਰੀ 1890 'ਚ ਸਥਾਪਿਤ ਕੀਤੀ ਗਈ ਇਹ ਮਹਾਨ ਸੰਸਥਾ ਸਿਰਫ਼ ਇਕ ਸਿੱਖਿਆ ਸੰਸਥਾ ਹੀ ਨਹੀਂ, ਸਗੋਂ ਇਕ ਅਜਿਹਾ ਅੰਦੋਲਨ ਹੈ ਜਿਸ ਨੇ ਪੰਜਾਬ 'ਚ ਆਧੁਨਿਕ ਵਿੱਦਿਆ ਦੇ ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਈ ਹੈ | ਇਹ ਪ੍ਰਗਟਾਵਾ ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ 136ਵੇਂ ਸਥਾਪਨਾ ਦਿਵਸ ਦੇ ਸੰਬੰਧ 'ਚ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ 136 ਸਾਲਾਂ ਦਾ ਇਹ ਸਫ਼ਰ ਸਿਰਫ਼ ਇਤਿਹਾਸਕ ਮਾਣ ਹੀ ਨਹੀਂ, ਸਗੋਂ ਸਿੱਖਿਆ ਅਤੇ ਆਧਿਆਤਮਿਕਤਾ ਦੇ ਮਿਲਾਪ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਪਾਠ ਪੁਸਤਕਾਂ ਦੀ ਸਿੱਖਿਆ ਹੀ ਨਹੀਂ, ਸਗੋਂ ਉੱਚ ਆਦਰਸ਼ਾਂ ਅਤੇ ਚੰਗੇ ਚਰਿੱਤਰ ਦੀ ਪ੍ਰੇਰਣਾ ਦੇਣਾ ਵੀ ਸੰਸਥਾ ਦਾ ਮਕਸਦ ਹੈ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਵਣ ਸਿੰਘ ਨੇ ਗੁਰ ਜਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ 'ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਗਵਰਨਿੰਗ ਕੌਂਸਲ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਤੋਂ 136 ਸਾਲ ਪਹਿਲਾਂ ਬਲਕਿ 22 ਫਰਵਰੀ 1890 ਨੂੰ ਹੀ 'ਖਾਲਸਾ ਕਾਲਜ ਸਥਾਪਨਾ ਕਮੇਟੀ' ਲਾਹੌਰ ਹੋਂਦ ਵਿਚ ਆਈ, ਜਿਸ ਸਦਕਾ 'ਖਾਲਸਾ ਕਾਲਜ ਮਿਡਲ ਸਕੂਲ' ਅਤੇ 'ਖਾਲਸਾ ਕਾਲਜ' ਦੀ ਸਥਾਪਨਾ ਹੋਈ ਸੀ | ਉਨ੍ਹਾਂ ਕਿਹਾ ਕਿ ਇਸੇ ਕਮੇਟੀ ਨੇ ਅਗਾਂਹ ਆਪਣੇ ਬਦਲਵੇਂ ਨਾਵਾਂ ਤਹਿਤ 'ਖਾਲਸਾ ਕਾਲਜ ਸੋਸਾਇਟੀ, ਅੰਮਿ੍ਤਸਰ' ਅਤੇ ਫਿਰ ਸਮਾਂ ਬੀਤਣ ਉਪਰੰਤ 'ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ, ਅੰਮਿ੍ਤਸਰ' ਦੇ ਰੂਪ 'ਚ ਵੱਖ-ਵੱਖ ਵਿੱਦਿਅਕ ਅਦਾਰਿਆਂ ਨੂੰ ਸਥਾਪਿਤ ਕਰਨ ਲਈ ਆਪਣੀਆਂ ਭੂਮਿਕਾਵਾਂ ਨਿਭਾਈਆਂ ਹਨ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਅਤੇ ਸਿੱਖ ਇਤਿਹਾਸ ਵਿਦਵਾਨ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਕਤ ਸਥਾਪਨਾ ਦਿਵਸ ਦੇ ਇਸ ਯਾਦਗਾਰ ਪਲ ਨੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਸਿੱਖਿਆ, ਸੰਸਕਾਰ ਅਤੇ ਸੇਵਾ ਦੀ ਪ੍ਰਤੀਕ ਸੰਸਥਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੌਸ਼ਨ ਭਵਿੱਖ ਵੱਲ ਪ੍ਰੇਰਿਤ ਕਰਦੀ ਸੀ, ਕਰਦੀ ਹੈ ਅਤੇ ਕਰਦੀ ਰਹੇਗੀ | ਇਸ ਮੌਕੇ ਸ: ਮਜੀਠੀਆ ਨੇ ਸ: ਛੀਨਾ, ਡਾ. ਮਹਿਲ ਸਿੰਘ ਅਤੇ ਡਾ. ਗੋਗੋਆਣੀ ਨਾਲ ਮਿਲ ਕੇ ਭਾਈ ਸਾਹਿਬ ਭਾਈ ਗੁਰਮੇਜ ਨੂੰ 'ਕੌਮ ਦਾ ਮਾਣ' ਸਨਮਾਨ ਪੱਤਰ ਨਾਲ ਨਿਵਾਜਿਆ | ਇਸ ਉਪਰੰਤ ਸ: ਮਜੀਠੀਆ, ਸ: ਛੀਨਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਵਲੋਂ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ: ਧਰਮਿੰਦਰ ਸਿੰਘ ਰਟੌਲ ਦੁਆਰਾ ਅੰਗਰੇਜ਼ੀ ਦੀ ਲਿਖਤ ਪੁਸਤਕ 'ਹਿਸਟਰੀ ਆਫ ਖਾਲਸਾ ਕਾਲਜ ਗਵਰਨਿੰਗ ਕੌਂਸਲ (1890 ਤੋਂ 2026)' ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ 'ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਰਿਸਰਚ ਡੀਨ ਡਾ. ਆਰ.ਕੇ. ਧਵਨ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਡਾ. ਦਲਬੀਰ ਸਿੰਘ ਘੁੰਮਣ, ਸੰਯੁਕਤ ਸਕੱਤਰ ਗੁਨਬੀਰ ਸਿੰਘ, ਸੰਤੋਖ ਸਿੰਘ ਸੇਠੀ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਡਾ: ਸੁਖਬੀਰ ਕੌਰ ਮਾਹਲ, ਕਰਮਜੀਤ ਸਿੰਘ ਭੱਟੀ, ਗੁਰਮੀਤ ਸਿੰਘ ਭੱਟੀ, ਡਾ: ਰਮਿੰਦਰ ਕੌਰ, ਸਰਬਜੀਤ ਸਿੰਘ ਹੁਸ਼ਿਆਰ ਨਗਰ,ਤਜਿੰਦਰਪਾਲ ਸਿੰਘ ਸੰਧੂ, ਪਿ੍ੰ: ਡਾ: ਆਤਮ ਸਿੰਘ ਰੰਧਾਵਾ, ਪਿ੍ੰ: ਡਾ. ਮਨਦੀਪ ਕੌਰ, ਡਾਇਰੈਕਟਰ-ਕਮ-ਪਿ੍ੰਸੀਪਲ ਡਾ: ਜਸਪਾਲ ਸਿੰਘ, ਪਿ੍ੰ: ਡਾ: ਹਰੀਸ਼ ਕੁਮਾਰ ਵਰਮਾ, ਪਿ੍ੰ: ਗੁਰਦੇਵ ਸਿੰਘ ਆਦਿ ਮੌਜੂਦ ਸਨ |