ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਮਕਸਦ ਨਾਲ ਅੰਮਿ੍ਤਸਰ ਦੀ ਪ੍ਰਸਿੱਧ ਇਕਾਈ ਓ. ਸੀ. ਐੱਮ. ਪ੍ਰਾਈਵੇਟ ਲਿਮਟਿਡ ਦਾ ਇਕ ਰੋਜ਼ਾ ਉਦਯੋਗਿਕ ਦੌਰਾ ਕੀਤਾ ਗਿਆ | ਇਹ ਦੌਰਾ ਕਾਲਜ ਦੇ ਪਿ੍ੰ: ਡਾ. ਕੁਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਭਾਗ ਮੁਖੀ ਪ੍ਰੋ. ਹਰਦੇਵ ਕੌਰ ਦੀ ਅਗਵਾਈ ਹੇਠ ਹੋਇਆ | ਇਸ ਦੌਰੇ ਦਾ ਮੁੱਖ ਉਦੇਸ਼ ਕਾਮਰਸ ਦੇ ਵਿਦਿਆਰਥੀਆਂ ਨੂੰ ਟੈਕਸਟਾਈਲ ਨਿਰਮਾਣ ਦੇ ਖੇਤਰ ਵਿਚ ਹੋ ਰਹੀਆਂ ਵਿਹਾਰਕ ਗਤੀਵਿਧੀਆਂ ਤੋਂ ਜਾਣੂੰ ਕਰਵਾਉਣਾ ਸੀ, ਜਿਸ ਦੀ ਸ਼ੁਰੂਆਤ ਇੱਕ ਓਰੀਐਂਟੇਸ਼ਨ ਸੈਸ਼ਨ ਨਾਲ ਹੋਈ, ਜਿਸ 'ਚ ਕੰਪਨੀ ਦੇ ਪ੍ਰਤੀਨਿਧੀਆਂ ਨੇ ਵਿਦਿਆਰਥੀਆਂ ਨੂੰ ਸੰਗਠਨ ਦੇ ਇਤਿਹਾਸ, ਇਸ ਦੇ ਸੰਚਾਲਨ ਢਾਂਚੇ ਅਤੇ ਰੋਜ਼ਾਨਾ ਦੇ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਪਰੰਤ ਵਿਦਿਆਰਥੀਆਂ ਨੂੰ ਫੈਕਟਰੀ ਦੇ ਵੱਖ-ਵੱਖ ਯੂਨਿਟਾਂ ਦਾ ਗਾਈਡਡ ਦੌਰਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਕੱਚੇ ਮਾਲ ਦੇ ਨਿਰੀਖਣ ਤੋਂ ਲੈ ਕੇ ਕਟਾਈ, ਬੁਣਾਈ, ਰੰਗਾਈ, ਫਿਨਿਸ਼ਿੰਗ ਅਤੇ ਪੈਕੇਜਿੰਗ ਤੱਕ ਦੇ ਹਰ ਪੜਾਅ ਨੂੰ ਨੇੜਿਓਾ ਦੇਖਿਆ | ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਰਾਹੀਂ ਕੱਚੀ ਉੱਨ ਤੋਂ ਤਿਆਰ ਕੱਪੜਾ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਸਮਝਿਆ | ਕੰਪਨੀ ਅਧਿਕਾਰੀਆਂ ਨੇ ਗੁਣਵੱਤਾ ਨਿਯੰਤਰਣ, ਸੁਰੱਖਿਆ ਉਪਾਵਾਂ ਅਤੇ ਵਰਕਫਲੋ ਪ੍ਰਬੰਧਨ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ | ਅੰਤ 'ਚ ਇਕ ਇੰਟਰਐਕਟਿਵ ਸੈਸ਼ਨ ਵੀ ਰੱਖਿਆ ਗਿਆ, ਜਿੱਥੇ ਵਿਦਿਆਰਥੀਆਂ ਨੇ ਟੈਕਸਟਾਈਲ ਸੈਕਟਰ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਆਪਣੇ ਸਵਾਲ ਪੁੱਛੇ | ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰੋ. ਰਜਨੀ ਸੈਣੀ ਅਤੇ ਪ੍ਰੋ. ਹਰਿੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |