ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸੰਤ ਨਿਰੰਕਾਰੀ ਮਿਸ਼ਨ ਵਲੋਂ 'ਪ੍ਰੋਜੈਕਟ ਅੰਮਿ੍ਤ' ਦੇ ਅਧੀਨ 'ਸਵੱਛ ਜਲ, ਸਵੱਛ ਮਨ' ਅਭਿਆਨ ਦੇ ਚੌਥੇ ਪੜਾਅ ਦਾ ਆਗਾਜ਼ ਕੀਤਾ ਗਿਆ ਜਿਸ 'ਚ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਕੀਤੇ ਜਾ ਰਹੇ ਮਾਨਵਤਾ ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਸੇਵਾ ਕਾਰਜਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਸ਼ਹਿਰ 'ਚ ਚਾਟੀਵਿੰਡ ਨਹਿਰ ਵੱਲ੍ਹਾ ਪੁੱਲ, ਤਾਰਾਂ ਵਾਲਾ ਪੁੱਲ, ਸੁਲਤਾਨਵਿੰਡ ਪੁੱਲ ਨਹਿਰ ਦੇ ਨਾਲ ਲੱਗਦੇ ਕੰਡੇ ਅਤੇ ਉਸਦਾ ਆਲ ਦੁਵਾਲਾ ਸਾਫ ਕੀਤਾ ਜਾਵੇਗਾ | ਇਸ ਅਭਿਆਨ 'ਚ ਸੰਤ ਨਿਰੰਕਾਰੀ ਮਿਸ਼ਨ ਦੇ ਹਜ਼ਾਰਾਂ ਸਵੈਸੇਵਕ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮੂਲ ਉਦੇਸ਼ ਸਮਾਜ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਪਾਣੀ ਕੇਵਲ ਇਕ ਸਾਧਨ ਨਹੀਂ, ਬਲਕਿ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਮੋਲਕ ਦਾਤ ਹੈ, ਜਿਸ ਦੀ ਰੱਖਿਆ ਕਰਨਾ ਹਰ ਮਨੁੱਖ ਦਾ ਨੈਤਿਕ ਫਰਜ਼ ਹੈ |