ਅੰਮਿ੍ਤਸਰ, 23 ਫ਼ਰਵਰੀ (ਸਟਾਫ ਰਿਪੋਰਟਰ)-ਆਰਟੀਫੀਸ਼ਲ ਇੰਟੈਲੀਜੈਂਸ (ਏ. ਆਈ.) ਸੰਬੰਧੀ ਬੀਤੇ ਦਿਨੀਂ ਦਿੱਲੀ ਵਿਖੇ ਹੋਏ ਅੰਤਰ-ਰਾਸ਼ਟਰੀ ਸੰਮੇਲਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਅੰਤਰ-ਰਾਸ਼ਟਰੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਅਤੇ ਸਿੱਖ ਧਰਮ ਨਾਲ ਸੰਬੰਧਿਤ ਮਾਮਲਿਆਂ ਨੂੰ ਉਭਾਰਿਆ ਅਤੇ ਏ. ਆਈ. ਤਕਨੀਕ ਨਾਲ ਧਾਰਮਿਕ ਖੇਤਰ ਵਿਚਲੀ ਸਮੱਗਰੀ ਦੇ ਦੁਰਉਪਯੋਗ ਨੂੰ ਰੋਕਣ ਲਈ ਸੁਰੱਖਿਆ ਉਪਾਅ ਲਾਗੂ ਕਰਨ ਲਈ ਆਖਿਆ | ਉਕਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ 16 ਤੋਂ 20 ਫ਼ਰਵਰੀ ਤੱਕ ਹੋਏ ਇਸ ਸੰਮੇਲਨ 'ਚ ਸ਼੍ਰੋਮਣੀ ਕਮੇਟੀ ਵਲੋਂ ਸਿਸਟਮ ਐਡਮਿਨਿਸਟ੍ਰੇਟਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਨੁਮਾਦਿੰਦੇ ਸ਼ਾਮਿਲ ਹੋਏ ਸਨ | ਸ. ਵਕਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਜਿਥੇ ਏ. ਆਈ. ਤਕਨੀਕ ਨਾਲ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਯਤਨਸ਼ੀਲ ਹੈ, ਉਥੇ ਹੀ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਡਾਟਾ ਬੈਂਕ ਤਿਆਰ ਕਰਨ ਲਈ ਵੀ ਕਾਰਜਸ਼ੀਲ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਇਸ ਕਾਨਫ਼ਰੰਸ ਦੌਰਾਨ ਪ੍ਰਮੁੱਖ ਕੰਪਨੀਆਂ ਜਿਨ੍ਹਾਂ 'ਚ ਗੂਗਲ, ਮੈਟਾ ਤੇ ਓਪਨ ਏ. ਆਈ. ਆਦਿ ਸ਼ਾਮਿਲ ਹਨ, ਦੇ ਅਧਿਕਾਰੀਆਂ ਨਾਲ ਰਾਬਤਾ ਕਰਦਿਆਂ ਆਪਣੇ ਸਿਸਟਮ 'ਚ ਅਜਿਹੇ ਕੀਵਰਡ ਸ਼ਾਮਿਲ ਕਰਨ ਲਈ ਆਖਿਆ, ਜਿਨ੍ਹਾਂ ਜ਼ਰੀਏ ਧਰਮ ਦੇ ਵਿਰੁੱਧ ਕਿਸੇ ਵੀ ਗਤੀਵਿਧੀ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਤੇ ਗੁਰਮੁਖੀ ਭਾਸ਼ਾ ਨਾਲ ਸੰਬੰਧਿਤ ਪ੍ਰਮਾਣਿਕ ਡਾਟਾ ਨੂੰ ਸ਼ਾਮਿਲ ਕਰਨ ਅਤੇ ਪਵਿੱਤਰ ਚਿੰਨ੍ਹਾਂ ਤੇ ਧਾਰਮਿਕ ਪਛਾਣ ਦੇ ਦੁਰਉਪਯੋਗ ਨੂੰ ਰੋਕਣ ਲਈ ਤਕਨੀਕੀ ਸੁਰੱਖਿਆ ਉਪਾਅ ਲਾਗੂ ਕਰਨ ਲਈ ਵੀ ਆਪਣੀ ਗੱਲ ਰੱਖੀ | ਸ. ਵਕਤਾ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਪੱਖ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਤੇ ਹਰ ਸੰਭਵ ਹੱਲ ਲਈ ਯਤਨਸ਼ੀਲ ਰਹਿਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਦੇ ਇਸ ਯੁੱਗ 'ਚ ਧਾਰਮਿਕ ਆਜ਼ਾਦੀ, ਮਰਯਾਦਾ ਤੇ ਸੰਵੇਦਨਸ਼ੀਲਤਾ ਦੀ ਰੱਖਿਆ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਸ਼੍ਰੋਮਣੀ ਕਮੇਟੀ ਇਸ ਖੇਤਰ 'ਚ ਨਿਰੰਤਰ ਕਾਰਜਸ਼ੀਲ ਹੈ ਅਤੇ ਲੋੜ ਅਨੁਸਾਰ ਸਮੇਂ-ਸਮੇਂ 'ਤੇ ਇਸ ਖੇਤਰ 'ਚ ਮਾਹਿਰਾਂ ਦੀ ਸਲਾਹ ਅਨੁਸਾਰ ਯਤਨ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਸੰਸਥਾਵਾਂ, ਅਦਾਰਿਆਂ ਅਤੇ ਨਿੱਜੀ ਤੌਰ 'ਤੇ ਕਾਰਜ ਕਰਦੇ ਲੋਕਾਂ ਨਾਲ ਰਾਬਤਾ ਕਰਕੇ ਇਸ ਆਧੁਨਿਕ ਤਕਨੀਕ ਦੇ ਸਦਉਪਯੋਗ ਨੂੰ ਯਕੀਨੀ ਬਣਾਉਣ ਲਈ ਯਤਨ ਵੀ ਕੀਤੇ ਜਾਣਗੇ |