ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਮੈਂਬਰ, ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਅਭਿਭਾਸ਼ਣ ਦੌਰਾਨ ਵਿਰੋਧੀ ਧਿਰ ਕਾਂਗਰਸ ਵਲੋਂ ਕੀਤੇ ਹੰਗਾਮੇ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੜੀ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਜਦੋਂ ਰਾਜਪਾਲ ਵਲੋਂ ਮਾਨ ਸਰਕਾਰ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਲੋਕ-ਹਿੱਤ ਦੇ ਕੰਮਾਂ ਬਾਰੇ ਸਦਨ ਨੂੰ ਜਾਣੂੰ ਕਰਵਾਇਆ ਜਾ ਰਿਹਾ ਸੀ ਤਾਂ ਇਹ ਗੱਲ ਵਿਰੋਧੀ ਧਿਰ ਕਾਂਗਰਸ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਉਹ ਹੰਗਾਮਾ ਕਰਕੇ ਸਦਨ ਤੋਂ ਵਾਕਆਉਟ ਕਰ ਗਏ | ਮਠਾੜੂ ਨੇ ਕਿਹਾ ਕਿ ਵਿਰੋਧੀਆਂ ਕੋਲ ਵਿਧਾਨ ਸਭਾ ਵਿਚ ਰੱਖਣ ਲਈ ਕੋਈ ਢੰਗ ਦਾ ਮੁੱਦਾ ਨਹੀਂ ਹੈ ਅਤੇ ਉਹ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਅੱਗੇ ਬੈਠੇ ਦੇਖ ਕੇ ਵੀ ਸਹਿਣ ਨਹੀਂ ਕਰ ਸਕਦੇ | ਇਸ ਲਈ ਉਹ ਰਾਜਪਾਲ ਦੇ ਭਾਸ਼ਨ ਦੌਰਾਨ ਹੀ ਵਿਘਨ ਪਾ ਕੇ ਸਦਨ ਦੀ ਮਰਿਆਦਾ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ |