ਚਵਿੰਡਾ ਦੇਵੀ, 6 ਮਾਰਚ (ਸਤਪਾਲ ਸਿੰਘ ਢੱਡੇ)-ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਸਾਇੰਸ ਵਿਭਾਗ ਵਲੋਂ ਕਾਲਜ ਦੇ ਪਿ੍ੰ: ਗੁਰਦੇਵ ਸਿੰਘ ਦੀ ਅਗਵਾਈ ਹੇਠ 'ਰਾਸ਼ਟਰੀ ਵਿਗਿਆਨ ਦਿਵਸ' ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨਕ ਖੋਜਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ 'ਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਸੀ | ਇਸ ਮੌਕੇ ਵੇਰਕਾ ਕਾਲਜ ਅੰਮਿ੍ਤਸਰ ਦੇ ਗਣਿਤ ਵਿਭਾਗ ਤੋਂ ਪ੍ਰੋ. ਡਾ. ਜਤਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਰੋਜ਼ਾਨਾ ਦੇ ਜੀਵਨ ਵਿਚ ਵਿਗਿਆਨ ਦੀ ਵਰਤੋਂ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਗਿਆਨੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ | ਇਸ ਦੌਰਾਨ ਕਾਲਜ ਵਲੋਂ ਵਿਦਿਆਰਥੀਆਂ ਲਈ ਚਾਰਟ, ਪੋਸਟਰ ਅਤੇ ਮਾਡਲ ਤਿਆਰ ਕਰਨ ਦੇ ਮੁਕਾਬਲੇ ਵੀ ਕਰਵਾਏ ਗਏ | ਸਮਾਗਮ ਦੇ ਅੰਤ ਵਿਚ ਪਿ੍ੰ: ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨੁੱਖੀ ਜੀਵਨ ਵਿਚ ਵਿਗਿਆਨ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ | ਵਿਭਾਗ ਦੇ ਮੁਖੀ ਪ੍ਰੋ. ਵਿਸ਼ਾਲ ਕੁਮਾਰ ਨੇ ਡਾ. ਜਤਿੰਦਰ ਕੌਰ ਦਾ ਕਾਲਜ ਪਹੁੰਚਣ ਅਤੇ ਵਿਦਿਆਰਥੀਆਂ ਨਾਲ ਵਿਗਿਆਨ ਸੰਬੰਧੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਸਾਇੰਸ ਵਿਭਾਗ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |