ਅੰਮਿ੍ਤਸਰ, 10 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸਮਾਜ ਸੇਵੀ ਐਡਵੋਕੇਟ ਅੰਕੁਰ ਗੁਪਤਾ ਨੇ ਆਬਾਦੀ ਕਰਮਪੁਰਾ ਖੇਤਰ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਕਮਿਸ਼ਨਰ ਅੰਮਿ੍ਤਸਰ ਦੇ ਦਫ਼ਤਰ ਵਿਖੇ ਧਰਨੇ ਦੀ ਚਿਤਾਵਨੀ ਦਿੱਤੀ ਹੈ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਅੰਕੁਰ ਗੁਪਤਾ ਤੇ ਐਡਵੋਕੇਟ ਨਮਿਤ ਮਹਿਤਾ ਨੇ ਦੱਸਿਆ ਕਿ 21 ਨਵੰਬਰ 2025 ਨੂੰ ਥਾਣਾ ਮਜੀਠਾ ਰੋਡ ਦੇ ਚਾਰ ਮੁਲਾਜ਼ਮ ਬਿਨਾਂ ਵਰਦੀ, ਬਿਨਾਂ ਸਰਫ ਵਰੰਟ ਅਤੇ ਬਿਨਾਂ ਮਹਿਲਾ ਪੁਲਿਸ ਦੇ ਛਾਪੇਮਾਰੀ ਕਰਨ ਪਹੁੰਚੇ, ਜਿਸ ਦਾ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਅਤੇ ਉਕਤ ਮੁਲਾਜ਼ਮ ਆਪਣੇ ਨਿੱਜੀ ਵਾਹਨ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ | ਅੰਕੁਰ ਗੁਪਤਾ ਨੇ ਦੋਸ਼ ਲਾਇਆ ਕਿ ਜਾਂਚ ਕਰਨ 'ਤੇ ਪਤਾ ਲੱਗਾ ਕਿ ਜਿਸ ਵਾਹਨ 'ਤੇ ਮੁਲਾਜ਼ਮ ਆਏ ਸਨ, ਉਸ 'ਤੇ ਚੰਡੀਗੜ੍ਹ ਦਾ ਨੰਬਰ ਲੱਗਾ ਸੀ, ਜੋ ਕਿ ਕਿਸੇ ਦੂਜੇ ਵਾਹਨ (ਮਰਸੀਡੀਜ਼) ਦਾ ਹੈ, ਜਦਕਿ ਪੁਲਿਸ ਨੇ ਐੱਫ. ਆਰ. ਆਈ. 'ਤੇ ਕੋਈ ਹੋਰ ਨੰਬਰ ਦਰਜ਼ ਕੀਤਾ ਹੋਇਆ ਹੈ, ਜੋ ਪੁਲਿਸ ਦੀ ਕਾਰਗੁਜਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਦੇ 17 ਵਿਅਕਤੀਆਂ 'ਤੇ ਦਰਜ਼ ਕੀਤੇ 307 ਦੇ ਪਰਚੇ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਉਹ ਸਮੂਹ ਇਲਾਵਾ ਨਿਵਾਸੀਆਂ ਸਮੇਤ 23 ਮਾਰਚ ਨੂੰ ਸੀ. ਪੀ. ਦਫ਼ਤਰ ਮੂਹਰੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ | ਦੂਜੇ ਪਾਸੇ ਜੱਦ ਇਸ ਸੰਬੰਧੀ ਥਾਣਾ ਮੁਖੀ ਰਣਜੀਤ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਦਿਆਂ ਕਿਹਾ ਕਿ ਇਲਾਕਾ ਦੇ ਲੋਕਾਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਦਾਲਤ 'ਚ ਪਰਚਾ ਦਰਜ਼ ਕਰਕੇ ਚਲਾਨ ਪੇਸ਼ ਕੀਤਾ ਜਾ ਚੱੁਕਿਆ ਹੈ ਅਤੇ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ |